ਅਮਰੀਕਾ ’ਚ 270 CDL ਸਕੂਲਾਂ ਵਿਰੁੱਧ ਕਾਰਵਾਈ, 110 ’ਤੇ ਐਮਰਜੈਂਸੀ ਬੈਨ
Wednesday, Sep 02, 2026 - 03:52 AM (IST)
ਵਾਸ਼ਿੰਗਟਨ (ਰਾਜ ਗੋਗਨਾ) - ਯੂ. ਐੱਸ. ਟਰਾਂਸਪੋਰਟੇਸ਼ਨ ਸੈਕਟਰੀ ਸੀਨ ਪੀ. ਡੱਫੀ ਨੇ ਟਰੱਕਿੰਗ ਉਦਯੋਗ ’ਚ ਧੋਖਾਦੇਹੀ ਰੋਕਣ ਲਈ 270 ਵਪਾਰਕ ਡਰਾਈਵਰ ਲਾਇਸੈਂਸ (ਸੀ. ਡੀ. ਐੱਲ.) ਸਿਖਲਾਈ ਸਕੂਲਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਜੁੜੀਆਂ 5,000 ਤੋਂ ਵੱਧ ਉਲੰਘਣਾਵਾਂ ਦੇ ਮੱਦੇਨਜ਼ਰ 110 ਸਕੂਲਾਂ ਨੂੰ ਤੁਰੰਤ ਪ੍ਰਭਾਵ ਨਾਲ ਐਮਰਜੈਂਸੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦਕਿ 160 ਹੋਰ ਸਕੂਲਾਂ ਵਿਰੁੱਧ ਸਹੂਲਤਾਂ ਤੇ ਇੰਸਟ੍ਰਕਟਰਾਂ ਦੀਆਂ ਖਾਮੀਆਂ ਕਾਰਨ ਕਾਰਵਾਈ ਕੀਤੀ ਗਈ ਹੈ।
ਜਾਂਚ ਦੌਰਾਨ ਬਿਨਾਂ ਲਾਇਸੈਂਸ ਵਾਲੇ ਇੰਸਟ੍ਰਕਟਰ, ਨਾਕਾਫ਼ੀ ਸਿਖਲਾਈ ਅਤੇ ਬਿਨਾਂ ਯੋਗਤਾ ਡਰਾਈਵਰਾਂ ਨੂੰ ਪਾਸ ਕਰਨ ਵਰਗੀਆਂ ਗੰਭੀਰ ਲਾਪ੍ਰਵਾਹੀਆਂ ਸਾਹਮਣੇ ਆਈਆਂ ਹਨ। ਇਸੇ ਤਹਿਤ ਡੀ. ਐੱਚ. ਐੱਸ. ਵੱਲੋਂ 23 ਸੂਬਿਆਂ ਦੇ 200 ਤੋਂ ਵੱਧ ਸਕੂਲਾਂ ’ਚ ਜਾਂਚ ਅਤੇ ਦੇਸ਼ ਵਿਆਪੀ ਆਡਿਟ ਜਾਰੀ ਹੈ।
