ਜਾਪਾਨੀ ਪ੍ਰਧਾਨ ਮੰਤਰੀ ਦੇ ਜਹਾਜ਼ ''ਚ ਲੱਗੀ ਅੱਗ
Sunday, Nov 03, 2019 - 06:16 PM (IST)

ਟੋਕੀਓ— ਜਾਪਾਨੀ ਸਰਕਾਰ ਦੇ ਜਹਾਜ਼ 'ਚ ਐਤਵਾਰ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਉਸ 'ਚ ਖੁਦ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਸਵਾਰ ਸਨ। ਹਾਲਾਂਕਿ ਤੁਰੰਤ ਅੱਗ ਬੁਝਾ ਦਿੱਤੀ ਗਈ ਤੇ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਮੀਡੀਆ 'ਚ ਆਈ ਖਬਰ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਆਬੇ ਟੋਕੀਓ ਤੋਂ ਬੈਂਕਾਕ ਦੱਖਣ-ਪੂਰਬੀ ਦੇਸ਼ਾਂ ਦੇ ਸੰਗਠਨ 'ਆਸਿਆਨ' ਦੇ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬੋਇੰਗ 777-300ਈਆਰ ਜਹਾਜ਼ 'ਚ ਸਵਾਰ ਹੋ ਕੇ ਜਾ ਰਹੇ ਸਨ। ਅਸਹੀ ਸ਼ਿੰਬੁਨ ਅਖਬਾਰ ਦੀ ਖਤਬਰ ਮੁਤਾਬਕ ਜਹਾਜ਼ ਦੇ ਉਡਾਣ ਭਰਨ ਤੋਂ ਕਰੀਬ ਇਕ ਘੰਟਾ ਬਾਅਦ ਜਹਾਜ਼ ਦੇ ਅੰਦਰੂਨੀ ਹਿੱਸੇ 'ਚ ਅੱਗ ਦੀਆਂ ਲਪਟਾਂ ਦੀ ਅਨਾਉਂਸਮੈਂਟ ਕੀਤੀ ਗਈ। ਕਰੀਬ 10 ਮਿੰਟ ਬਾਅਦ ਦੂਜਾ ਅਨਾਉਂਸਮੈਂਟ ਕੀਤੀ ਗਈ ਕਿ ਅੱਗ ਬੁਝਾ ਲਈ ਗਈ ਹੈ।
ਜੀਜੀ ਪ੍ਰੈੱਸ ਤੇ ਕਿਓਦੋ ਨੇ ਵੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਅਜਿਹੀ ਹੀ ਖਬਰ ਦਿੱਤੀ। ਕਿਓਦੋ ਨੇ ਕਿਹਾ ਕਿ ਹਾਲਾਂਕਿ ਆਬੇ ਦੇ ਯਾਤਰਾ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਏ.ਐੱਫ.ਪੀ. ਨੇ ਮਾਮਲੇ 'ਚ ਪ੍ਰਧਾਨ ਮੰਤਰੀ ਦਫਤਰ ਤੇ ਰੱਖਿਆ ਮੰਤਰਾਲੇ ਨਾਲ ਸੰਪਰਕ ਕੀਤਾ ਪਰ ਤੁਰੰਤ ਖਬਰ ਦੀ ਪੁਸ਼ਟੀ ਨਹੀਂ ਹੋ ਸਕੀ।