ਫਿਜੀ ''ਚ ਚੱਕਰਵਾਤ ਕਾਰਨ 4 ਲੋਕਾਂ ਦੀ ਮੌਤ, ਇਕ ਵਿਅਕਤੀ ਲਾਪਤਾ

04/02/2018 4:47:13 PM

ਸਿਡਨੀ— ਫਿਜੀ ਵਿਚ ਚੱਕਰਵਾਤੀ ਤੂਫਾਨ ਦੌਰਾਨ ਪਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਡੁੱਬਣ ਦਾ ਖਦਸ਼ਾ ਹੈ। ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਚੱਕਰਵਾਤ 'ਜੋਸਾਈ' ਕਾਰਨ ਫਿਜੀ ਦੇ ਪੱਛਮੀ-ਉੱਤਰੀ ਸਥਿਤ ਸਭ ਤੋਂ ਵੱਡੇ ਟਾਪੂ 'ਬਾਅ' ਵਿਚ ਹੜ੍ਹ ਆ ਗਿਆ ਹੈ। ਫਿਜੀ ਦੇ ਰਾਸ਼ਟਰੀ ਆਫਤ ਪ੍ਰਬੰਧਨ ਦਫਤਰ ਦੇ ਡਾਇਰੈਕਟਰ ਅਨਾਰੇ ਲੇਵੇਨੀਕਿਲਾ ਨੇ ਦੱਸਿਆ ਕਿ 4 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਇਕ ਵਿਅਕਤੀ ਲਾਪਤਾ ਹੈ, ਜਿਸ ਦੇ ਜਿਊਂਦਾ ਹੋਣ ਦੀ ਉਮੀਦ ਨਹੀਂ ਹੈ।
ਉਨ੍ਹਾਂ ਨੇ ਕਿਹਾ 1,873 ਲੋਕ 35 ਕੈਂਪਾਂ ਵਿਚ ਰਹਿ ਰਹੇ ਹਨ। ਅਨਾਰੇ ਨੇ ਦੱਸਿਆ ਕਿ ਦੋ ਜਾਂ ਤਿੰਨ ਦਿਨਾਂ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਾਫ-ਸਫਾਈ ਅਤੇ ਬੀਮਾਰੀਆਂ ਤੋਂ ਬਚਾਉਣ ਵਾਲੀਆਂ ਦਵਾਈਆਂ ਦੇ ਛਿੜਕਾਅ ਤੋਂ ਬਾਅਦ ਲੋਕ ਆਪਣੇ ਘਰ ਜਾ ਸਕਦੇ ਹਨ। ਓਧਰ ਮੌਸਮ ਵਿਭਾਗ ਨੇ ਚੱਕਰਵਾਤ ਦੇ ਦੱਖਣ-ਦੱਖਣੀ-ਪੂਰਬੀ ਵੱਲ ਵਧਣ ਕਾਰਨ ਫਿਜੀ ਅਤੇ ਆਲੇ-ਦੁਆਲੇ ਦੇ ਟਾਪੂਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 74 ਹਾਈਵੇਅ ਬੰਦ ਹਨ।


Related News