ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕੀਤੀ ਪਾਕਿ PM ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਦੀ ਗ੍ਰਿਫ਼ਤਾਰੀ ਦੀ ਮੰਗ

Saturday, Jun 04, 2022 - 03:54 PM (IST)

ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕੀਤੀ ਪਾਕਿ PM ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਦੀ ਗ੍ਰਿਫ਼ਤਾਰੀ ਦੀ ਮੰਗ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਸ਼ਨੀਵਾਰ ਨੂੰ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਉਨ੍ਹਾਂ ਦੇ ਪੁੱਤਰ ਅਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਐੱਫ.ਆਈ.ਏ. ਨੇ ਵਿਸ਼ੇਸ਼ ਅਦਾਲਤ (ਸੈਂਟਰਲ-ਆਈ) ਨੂੰ ਦੱਸਿਆ ਹੈ ਕਿ ਏਜੰਸੀ ਪਿਤਾ ਅਤੇ ਪੁੱਤਰ ਨੂੰ ਉਨ੍ਹਾਂ ਦੇ ਖ਼ਿਲਾਫ਼ ਦਰਜ ਕੀਤੇ ਗਏ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।

ਅਦਾਲਤ ਵਿੱਚ ਸ਼ਨੀਵਾਰ ਦੀ ਸੁਣਵਾਈ ਦੌਰਾਨ, ਏਜੰਸੀ ਦੇ ਵਕੀਲ ਨੇ ਕਿਹਾ ਕਿ ਉਹ "ਜਾਂਚ ਦਾ ਹਿੱਸਾ ਨਹੀਂ ਹਨ"। ਹਮਜ਼ਾ ਦੇ ਵਕੀਲ ਨੇ ਹਾਲਾਂਕਿ ਦਾਅਵਿਆਂ ਤੋਂ ਇਨਕਾਰ ਕੀਤਾ ਅਤੇ ਐੱਫ.ਆਈ.ਏ. 'ਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਦੋਵਾਂ ਨੇਤਾਵਾਂ ਦੇ ਵਕੀਲ ਨੇ ਜਿਰ੍ਹਾ ਦੌਰਾਨ ਕਿਹਾ ਕਿ ਐੱਫ.ਆਈ.ਏ. ਪਿਛਲੇ ਡੇਢ ਸਾਲ ਤੋਂ ਜਾਂਚ ਕਰ ਰਹੀ ਹੈ ਅਤੇ ਉਹ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਪੇਸ਼ ਕਰਨ ਵਿੱਚ ਅਸਮਰੱਥ ਰਹੀ ਹੈ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਐੱਫ.ਆਈ.ਏ. ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ।

ਦਸੰਬਰ 2021 ਵਿੱਚ, ਏਜੰਸੀ ਨੇ ਚੀਨੀ ਘੁਟਾਲੇ ਦੇ ਇੱਕ ਕੇਸ ਵਿੱਚ 16 ਅਰਬ ਰੁਪਏ ਦੀ ਹੇਰਾਫੇਰੀ ਵਿੱਚ ਕਥਿਤ ਸ਼ਮੂਲੀਅਤ ਲਈ ਸ਼ਾਹਬਾਜ਼ ਅਤੇ ਹਮਜ਼ਾ ਵਿਰੁੱਧ ਅਦਾਲਤ ਵਿੱਚ 'ਚਾਲਾਨ' ਦਾਇਰ ਕੀਤੀ ਸੀ। ਐੱਫ.ਆਈ.ਏ. ਦੀ ਰਿਪੋਰਟ ਮੁਤਾਬਕ ਟੀਮ ਨੇ ਸ਼ਾਹਬਾਜ਼ ਪਰਿਵਾਰ ਦੇ 28 ਬੇਨਾਮੀ ਖਾਤਿਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਰਾਹੀਂ 2008 ਤੋਂ 2018 ਦਰਮਿਆਨ 16.3 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਸੀ। ਐੱਫ.ਆਈ.ਏ. ਨੇ 17,000 ਕ੍ਰੈਡਿਟ ਲੈਣ-ਦੇਣ ਦੇ ਮਨੀ ਟ੍ਰੇਲ ਦੀ ਜਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਦੀ ਅੰਤਰਿਮ ਜ਼ਮਾਨਤ 4 ਜੂਨ ਤੱਕ ਵਧਾ ਦਿੱਤਾ ਸੀ।


author

cherry

Content Editor

Related News