ਸਨਵਾਕੀਨ ਵਿਖੇ 'ਪਿਕਨਿਕ' ਅਤੇ 'ਕਬੱਡੀ ਟੂਰਨਾਮੈਂਟ' ਦੀਆਂ ਤਿਆਰੀਆਂ ਮੁਕੰਮਲ
Tuesday, May 08, 2018 - 03:06 PM (IST)

ਫਰਿਜ਼ਨੋ, ( ਰਾਜ ਗੋਗਨਾ )—ਅਮਰੀਕਾ 'ਚ ਗੁਰੂ ਨਾਨਕ ਸਪੋਰਟਸ ਕਲੱਬ, ਸਨਵਾਕੀਨ ਅਤੇ ਕਰਮਨ ਦੇ ਸਮੂਹ ਮੈਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕਰਮਨ ਵਿਖੇ ਹੋਈ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਹੋਣ ਵਾਲੇ ਨੌਵੇਂ ਵਿਸਾਖੀ ਟੂਰਨਾਮੈਂਟ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ 'ਤੇ ਗੱਲਬਾਤ ਹੋਈ। ਇਹ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸਨਵਾਕੀਨ ਸ਼ਹਿਰ ਦੇ ਸਕੂਲ ਦੀਆਂ ਗਰਾਊਡਾਂ ਵਿੱਚ ਹੋਵੇਗਾ। ਜੋ ਕਿ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਬਿਲਕੁਲ ਨਜ਼ਦੀਕ ਹੈ ਅਤੇ 'ਪੰਜਾਬ ਸਟਰੀਟ' ਤੋਂ ਇਕ ਪਾਸੇ 'ਤੇ ਹੈ।
ਇਸ ਅਨੁਸਾਰ 12 ਮਈ ਦਿਨ ਸ਼ਨੀਵਾਰ ਨੂੰ ਬੱਚਿਆਂ ਦੀ ਬਾਸਕਟ ਬਾਲ, ਵਾਲੀਬਾਲ, ਸਾਕਰ, ਕੁਸ਼ਤੀਆਂ, ਭਾਰ ਚੁੱਕਣਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਰਤੀ ਪਰੰਪ੍ਰਾਗਤ ਖੇਡਾਂ ਹੋਣਗੀਆਂ। ਇਸੇ ਦਿਨ ਪੰਜਾਬੀ ਫੈਮਲੀ ਪਿਕਨਿਕ ਵੀ ਹੋਵੇਗੀ।ਜਿਸ ਦੌਰਾਨ ਬੱਚਿਆਂ ਅਤੇ ਔਰਤਾਂ ਲਈ ਬਹੁਤ ਸਾਰੀਆਂ ਖੇਡਾਂ, ਵਧੀਆ ਪੁਸ਼ਾਕ ਮੁਕਾਬਲਾ, ਲੋਕ ਬੋਲੀਆਂ-ਗੀਤ ਮੁਕਾਬਲਾ ਅਤੇ ਗਿੱਧਾ-ਭੰਗੜਾ ਵੀ ਹਮੇਸ਼ਾ ਵਾਂਗ ਦੇਖਣ ਯੋਗ ਹੋਣਗੇ।
ਇਲਾਕੇ ਦੇ ਸਕੂਲਾਂ ਵਿੱਚ 4.0 ਗਰੇਡ ਜਾਂ ਵਧੀਕ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਦੂਸਰੇ ਦਿਨ 13 ਮਈ ਦਿਨ ਐਤਵਾਰ ਨੂੰ ਪ੍ਰਮੁੱਖ ਤੌਰ 'ਤੇ ਬਾਕੀ ਖੇਡਾਂ ਤੋਂ ਇਲਾਵਾ ਓਪਨ ਕਬੱਡੀ ਅਤੇ ਅੰਡਰ 21 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਕਬੱਡੀ ਹੋਵੇਗੀ। ਇਨ੍ਹਾਂ ਮੈਚਾਂ ਵਿੱਚ ਹਿੱਸਾ ਲੈਣ ਲਈ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪਹੁੰਚ ਰਹੇ ਹਨ। ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿੱਤੇ ਜਾਣਗੇ। ਗੱਡੀਆਂ ਲਈ ਮੁਫਤ ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਹੋਣਗੇ। ਦੋਵੇਂ ਦਿਨ ਪ੍ਰੋਗਰਾਮ ਸਵੇਰੇ ਠੀਕ 10 ਵਜੇ ਸ਼ੁਰੂ ਹੋਣਗੇ। ਗੁਰੂ ਦਾ ਲੰਗਰ ਦੋਵੇਂ ਦਿਨ ਅਤੁੱਟ ਵਰਤੇਗਾ। ਪ੍ਰਬੰਧਕਾਂ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਦੋਵੇਂ ਦਿਨ ਹਾਜ਼ਰੀਆਂ ਭਰਨ, ਸਮੇਂ ਸਿਰ ਪਹੁੰਚਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਸਮੁੱਚੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।