ਨਕਲੀ ਵਿਆਹ ਰਜਿਸਟ੍ਰੇਸ਼ਨ ਘੁਟਾਲਾ : ਇਕ ਭਾਰਤੀ ਸਣੇ 27 ਔਰਤਾਂ ਗ੍ਰਿਫਤਾਰ
Tuesday, Jan 15, 2019 - 05:03 PM (IST)
ਬੈਂਕਾਕ (ਭਾਸ਼ਾ)- ਥਾਈਲੈਂਡ ਵਿਚ 35 ਸਾਲਾ ਭਾਰਤੀ ਅਤੇ 27 ਥਾਈ ਔਰਤਾਂ ਨੂੰ ਨਕਲੀ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦੇ ਮਾਮਲੇ ਵਿਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰੈਕੇਟ ਰਾਹੀਂ ਭਾਰਤੀ ਪੁਰਸ਼ ਦੇਸ਼ ਵਿਚ ਰਿਹਾਇਸ਼ੀ ਵੀਜ਼ਾ ਹਾਸਲ ਕਰਦੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਡੇਲੀ ਦੀ ਇਕ ਖਬਰ ਮੁਤਾਬਕ ਭਾਰਤੀ ਮੂਲ ਦੇ ਵਿਕਰਮ ਲੇਹਰੀ ਨੂੰ ਦਲਾਲੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਥਾਈ ਔਰਤਾਂ ਦੀ ਭਾਰਤੀ ਨਾਗਰਿਕਾਂ ਦੇ ਨਾਲ ਨਕਲੀ ਵਿਆਹ ਰਜਿਸਟ੍ਰੇਸ਼ਨ ਕਰਵਾਈ ਸੀ।
ਇਮੀਗ੍ਰੇਸ਼ਨ ਬਿਊਰੋ ਮੁਖੀ ਅਤੇ ਟੈਕਨਾਲੋਜੀ ਕ੍ਰਾਈਮ ਸਪ੍ਰੇਸ਼ਨ ਸੈਂਟਰਜ਼ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਸੁਰਚਿਤ ਹਾਕਪਾਲ ਨੇ ਸੋਮਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਵਿਚੋਂ ਹਰੇਕ ਨੂੰ 8 ਤੋਂ 10 ਹਜ਼ਾਰ ਭਾਟ 'ਤੇ ਇਸ ਕੰਮ ਲਈ ਰੱਖਿਆ ਗਿਆ ਸੀ। ਇਹ ਔਰਤਾਂ ਕਦੇ ਉਨ੍ਹਾਂ ਭਾਰਤੀ ਪੁਰਸ਼ਾਂ ਦੇ ਨਾਲ ਨਹੀਂ ਰਹੀਆਂ ਜਿਨ੍ਹਾਂ ਨਾਲ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਲੰਬੀ ਜਾਂਚ ਪੜਤਾਲ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ। ਇਨ੍ਹਾਂ ਵਿਚੋਂ ਇਕ ਮਹਿਲਾ 70 ਸਾਲ ਦੀ ਹੈ।