ਮਹਿੰਗਾਈ ਦਾ ਸਾਹਮਣਾ ਕਰ ਰਹੇ ਯੂਰਪ ‘ਚ ਲੋਕਾਂ ਦਾ ਵਧਿਆ ਗੁੱਸਾ, ਸੜਕਾਂ 'ਤੇ ਉਤਰੀ ਜਨਤਾ ਨੂੰ ਵੇਖ ਘਬਰਾਈ ਸਰਕਾਰ
Monday, Aug 29, 2022 - 05:25 PM (IST)
ਨਵੀਂ ਦਿੱਲੀ - ਯੂਰਪ ਵਿਚ ਮਹਿੰਗਾਈ ਦਰ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇੱਥੇ ਮਹਿੰਗਾਈ ਦੀ ਵਧਦੀ ਦਰ ਨੇ ਪਿਛਲੇ 11 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮਹਿੰਗਾਈ ਦੀ ਦਰ ਵਧ ਕੇ 8.9 ਫ਼ੀਸਦੀ ਹੋ ਗਈ ਹੈ। ਯੂਰਪ ਦੇ 19 ਦੇਸ਼ਾਂ ਵਿਚ ਮਹਿੰਗਾਈ ਦੇ ਬਹੁਤ ਹੀ ਮਾੜੇ ਹਾਲਾਤ ਬਣੇ ਹੋਏ ਹਨ। ਬਾਕੀ ਦੇਸ਼ਾਂ ਵਿਚ ਮਹਿੰਗਾਈ ਦੀ ਦਰ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੂਰਬੀ ਯੂਰਪ ਦੇ ਦੇਸ਼ ਏਸਟੋਨੀਆ ਵਿਚ ਮਹਿੰਗਾਈ ਦੀ ਦਰ ਸਭ ਤੋਂ ਵਧ 23 ਫ਼ੀਸਦੀ ਹੈ। ਮੱਧ ਵਰਗ ਦੇ ਲੋਕ ਸਰਕਾਰ ਪ੍ਰਤੀ ਰੋਸ ਪ੍ਰਦਸ਼ਨ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ।ਜਿਸ ਕਰਕੇ ਸਰਕਾਰ ਵੀ ਘਬਰਾਈ ਹੋਈ ਹੈ।ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਚੋਣਾਂ ਵਿਚ ਮਹਿੰਗਾਈ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਫਰਾਂਸ ਵਿਚ ਵੀ ਰਾਸ਼ਟਰਪਤੀ ਈਮੈਨੁਅਲ ਮੈਕਰੋ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਛਮੀ ਯੂਰਪ ਦੇ ਮੁਕਾਬਲੇ ਵਿਚ ਅਮੀਰ ਦੇਸ਼ ਜਿਵੇਂ ਕਿ ਜਰਮਨੀ, ਫਰਾਂਸ, ਨੀਦਰਲੈਂਡ, ਸਪੇਨ ਅਤੇ ਇਟਲੀ ਦੀਆਂ ਸਰਕਾਰਾਂ ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਕਈ ਕਦਮ ਚੁੱਕੇ ਹਨ। ਲੋਕਾਂ ਨੂੰ ਬਹੁਤ ਸਾਰੀਆਂ ਰੋਜ਼ਾਨਾ ਦੀਆਂ ਚੀਜ਼ਾਂ ਬਹੁਤ ਘੱਟ ਕੀਮਤ 'ਤੇ ਉਪਲੱਬਧ ਕਰਵਾਉਣ ਲਈ ਕਈ ਸਟੋਰ ਖੋਲ੍ਹੇ ਗਏ ਹਨ। ਇਨ੍ਹਾਂ ਸਟੋਰਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਖੁੱਲ੍ਹਿਆ
ਪੋਲੈਂਡ ਵਿਚ ਵੀ ਪਿਛਲੇ ਦੋ ਦਹਾਕਿਆਂ ਦੌਰਾਨ 18 ਫ਼ੀਸਦੀ ਜੋ ਹੁਣ ਤੱਕ ਦੀ ਸਭ ਤੋਂ ਵਧ ਮਹਿੰਗਾਈ ਰਿਕਾਰਡ ਕੀਤੀ ਗਈ ਹੈ। ਸੱਜੇ ਪੱਖੀ ਪੋਲਿਸ਼ ਪਾਰਟੀ ਸਮਰਥਕਾਂ ਦਾ ਮੰਨਣਾ ਹੈ ਕਿ ਯੂਕਰੇਨੀ ਸ਼ਰਨਾਰਥੀਆਂ ਕਾਰਨ ਪੋਲੈਂਡ ਵਿਚ ਮਹਿੰਗਾਈ ਦੀ ਦਰ ਵਧ ਰਹੀ ਹੈ ਕਿਉਂਕਿ 300,000 ਤੋਂ ਵੱਧ ਯੂਕਰੇਨੀ ਸ਼ਰਨਾਰਥੀ ਪੋਲੈਂਡ ਵਿਚ ਆ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਰਾਜਧਾਨੀ ਵਾਰਸਾ ਵਿੱਚ ਸ਼ਰਨ ਲਈ ਹੈ। ਇਸ ਤੋਂ ਇਲਾਵਾ ਰਜ਼ੇਜ਼ੋਵ ਵਿੱਚ ਕਰੀਬ ਇੱਕ ਲੱਖ ਯੂਕਰੇਨੀ ਸ਼ਰਨਾਰਥੀਆਂ ਦੇ ਆਉਣ ਨਾਲ ਸਥਾਨਕ ਲੋਕਾਂ ਨੇ ਇੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਯੂਰਪ ਦੇ 58 ਫ਼ੀਸਦੀ ਨੌਜਵਾਨਾਂ ਨਹੀਂ ਹਨ ਸੰਤੁਸ਼ਟ
ਯੂਰਪੀਅਨ ਕਮਿਸ਼ਨ ਦੁਆਰਾ ਅਗਸਤ ਵਿੱਚ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਯੂਰਪ ਦੇ 58% ਨੌਜਵਾਨ ਵਧਦੀ ਮਹਿੰਗਾਈ ਅਤੇ ਨੌਕਰੀਆਂ ਦੀ ਘਾਟ ਕਾਰਨ ਅਸੰਤੁਸ਼ਟ ਹੋ ਰਹੇ ਹਨ। ਕਰੋਨਾ ਦੇ ਦੌਰ ਤੋਂ ਬਾਅਦ ਪੂਰਬੀ ਯੂਰਪ ਦੇਸ਼ਾਂ ਦੇ ਨਾਲ-ਨਾਲ ਪੱਛਮੀ ਯੂਰਪ ਦੇ ਵਿਕਸਤ ਦੇਸ਼ਾਂ ਦੇ ਨੌਜਵਾਨਾਂ ਵਿੱਚ ਵੀ ਗੁੱਸਾ ਨਜ਼ਰ ਆ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।