ਮੈਲਬੌਰਨ 'ਚ ਅਪਾਰਟਮੈਂਟ ਬਿਲਡਿੰਗ 'ਚ ਧਮਾਕਾ, ਇਕ ਵਿਅਕਤੀ ਦੀ ਮੌਤ

06/05/2017 4:03:10 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਇਕ ਅਪਾਰਟਮੈਂਟ ਬਿਲਡਿੰਗ 'ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਇਮਾਰਤ ਦੇ ਕਮਰੇ ਅੰਦਰ ਇਕ ਸ਼ਖਸ ਨੇ ਮਹਿਲਾ ਨੂੰ ਬੰਧਕ ਬਣਾ ਲਿਆ। ਪੁਲਸ ਅਧਿਕਾਰੀਆਂ ਨੂੰ ਸ਼ਾਮ ਤਕਰੀਬਨ 4 ਵਜੇ ਇਸ ਧਮਾਕੇ ਸੰਬੰਧੀ ਸੂਚਨਾ ਦਿੱਤੀ ਗਈ। ਇਹ ਧਮਾਕਾ ਬ੍ਰਾਈਟਨ 'ਚ ਬੇਅ ਸਟਰੀਟ 'ਤੇ ਇਕ ਅਪਾਰਟਮੈਂਟ ਬਿਲਡਿੰਗ 'ਚ ਹੋਇਆ। 
ਪੁਲਸ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਬਿਲਡਿੰਗ 'ਚ ਇਕ ਵਿਅਕਤੀ ਦੀ ਲਾਸ਼ ਦੇਖੀ, ਜਦਕਿ ਬਿਲਡਿੰਗ 'ਚ ਇਕ ਔਰਤ ਨੂੰ ਬੰਧਕ ਬਣਾਇਆ ਹੋਇਆ ਹੈ। ਪੁਲਸ ਉਕਤ ਵਿਅਕਤੀ ਨਾਲ ਗੱਲਬਾਤ ਕਰ ਕੇ ਬੰਧਕ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਬਿਲਡਿੰਗ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਹੈ। 
ਖਬਰਾਂ ਮੁਤਾਬਕ ਘਟਨਾ ਵਾਲੀ ਥਾਂ ਤੋਂ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ। ਪੁਲਸ ਨੇ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਇਸ ਥਾਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਕ ਚਸ਼ਮਦੀਦ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ 'ਤੇ ਭਾਰੀ ਪੁਲਸ ਫੋਰਸ, ਫਾਇਰ ਕਰੂ ਮੈਂਬਰ ਅਤੇ ਪੈਰਾ-ਮੈਡੀਕਲ ਅਧਿਕਾਰੀ ਮੌਜੂਦ ਹਨ। ਪੁਲਸ ਨੇ ਆਲੇ-ਦੁਆਲੇ ਸਥਿਤ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਹੈ।  


Related News