ਬੰਗਲਾਦੇਸ਼ ਦੇ ਪਾਸਪੋਰਟ ''ਤੇ ਛਪੇਗੀ ''Except Israel'' ਦੀ ਸ਼ਰਤ; ਹਟੇਗੀ ਬੰਗਬੰਧੂ ਦੀ ਤਸਵੀਰ
Thursday, May 21, 2026 - 05:06 PM (IST)
ਢਾਕਾ: ਬੰਗਲਾਦੇਸ਼ ਦੀ ਨਵੀਂ ਸਰਕਾਰ ਨੇ ਦੇਸ਼ ਦੀ ਪਛਾਣ ਅਤੇ ਵਿਦੇਸ਼ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਸਰਕਾਰ ਨੇ ਪਾਸਪੋਰਟਾਂ 'ਤੇ "ਇਜ਼ਰਾਈਲ ਨੂੰ ਛੱਡ ਕੇ" (Except Israel) ਵਾਲੀ ਸ਼ਰਤ ਨੂੰ ਮੁੜ ਛਾਪਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ ਪਾਸਪੋਰਟਾਂ ਤੋਂ ਇਸ ਵਾਕ ਨੂੰ ਹਟਾ ਦਿੱਤਾ ਗਿਆ ਸੀ, ਹਾਲਾਂਕਿ ਉਦੋਂ ਵੀ ਇਜ਼ਰਾਈਲ ਦੀ ਯਾਤਰਾ 'ਤੇ ਪਾਬੰਦੀ ਜਾਰੀ ਸੀ। ਹੁਣ ਨਵੀਂ ਸਰਕਾਰ ਨੇ ਇਸ ਨੂੰ ਮੁੜ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੇਸ਼ ਦੀ ਵਿਦੇਸ਼ ਨੀਤੀ ਅਤੇ ਫਿਲਸਤੀਨੀ ਮੁੱਦੇ 'ਤੇ ਆਪਣੇ ਸਟੈਂਡ ਨੂੰ ਸਪੱਸ਼ਟ ਕੀਤਾ ਜਾ ਸਕੇ। ਇੱਥੇ ਦੱਸ ਦਈਏ ਕਿ ਪਾਕਿਸਤਾਨੀ ਪਾਸਪੋਰਟ 'ਤੇ ਵੀ ਅਜਿਹੀ ਹੀ ਸ਼ਰਤ ਛਪੀ ਹੁੰਦੀ ਹੈ।
ਬੰਗਬੰਧੂ ਦੇ ਪ੍ਰਤੀਕਾਂ ਦੀ ਹੋਵੇਗੀ ਛੁੱਟੀ
ਪਾਸਪੋਰਟ ਵਿੱਚ ਕੀਤੇ ਜਾ ਰਹੇ ਇਸ ਬਦਲਾਅ ਦਾ ਇੱਕ ਵੱਡਾ ਹਿੱਸਾ ਅਵਾਮੀ ਲੀਗ ਨਾਲ ਜੁੜੇ ਪ੍ਰਤੀਕਾਂ ਨੂੰ ਖਤਮ ਕਰਨਾ ਹੈ। ਸਰਕਾਰ ਨੇ ਪਾਸਪੋਰਟ ਦੇ ਵਾਟਰਮਾਰਕ ਤੋਂ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ (ਬੰਗਬੰਧੂ) ਦੀ ਤਸਵੀਰ, ਉਨ੍ਹਾਂ ਦਾ ਮਕਬਰਾ ਅਤੇ ਧਨਮੰਡੀ 32 ਵਰਗੀਆਂ ਇਤਿਹਾਸਕ ਇਮਾਰਤਾਂ ਦੀਆਂ ਤਸਵੀਰਾਂ ਹਟਾਉਣ ਦਾ ਫੈਸਲਾ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਰਫ਼ ਅਮਰੀਕਾ 'ਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ ! ਅਮਰੀਕੀ ਸੰਸਦ 'ਚ ਮਤਾ ਪੇਸ਼
ਕਿਹੜੀਆਂ ਤਸਵੀਰਾਂ 'ਤੇ ਚੱਲੇਗੀ ਕੈਂਚੀ?
ਈ-ਪਾਸਪੋਰਟ ਦੇ ਪੰਨਿਆਂ ਤੋਂ ਹੇਠ ਲਿਖੀਆਂ ਅਹਿਮ ਤਸਵੀਰਾਂ ਹਟਾਈਆਂ ਜਾਣਗੀਆਂ:
ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਅਤੇ ਮਕਬਰਾ।
ਪਦਮਾ ਪੁਲ, ਮੈਟਰੋ ਰੇਲ ਅਤੇ ਬੰਗਬੰਧੂ ਸੈਟੇਲਾਈਟ।
ਮਾਡਲ ਮਸਜਿਦਾਂ ਅਤੇ ਰੂਪਪੁਰ ਪ੍ਰਮਾਣੂ ਪਲਾਂਟ।
ਪੜ੍ਹੋ ਇਹ ਅਹਿਮ ਖ਼ਬਰ- ਗੈਸ ਤੋਂ ਲੈ ਕੇ ਕਰਿਆਨੇ ਤੱਕ ਵਧੀਆਂ ਕੀਮਤਾਂ! ਅਮਰੀਕਾ 'ਚ ਮਹਿੰਗਾਈ ਨੇ ਤੋੜੀ ਜਨਤਾ ਦੀ ਕਮਰ
ਅਧਿਕਾਰੀਆਂ ਅਨੁਸਾਰ ਇਹ ਬਦਲਾਅ ਫਿਲਹਾਲ ਸਿਰਫ਼ ਨਵੇਂ ਪਾਸਪੋਰਟਾਂ 'ਤੇ ਹੀ ਲਾਗੂ ਕੀਤਾ ਜਾਵੇਗਾ। ਪਹਿਲਾਂ ਤੋਂ ਜਾਰੀ ਕੀਤੇ ਪਾਸਪੋਰਟਾਂ ਨੂੰ ਵਾਪਸ ਨਹੀਂ ਬੁਲਾਇਆ ਜਾਵੇਗਾ, ਪਰ ਜਦੋਂ ਉਨ੍ਹਾਂ ਦੀ ਮਿਆਦ ਖਤਮ ਹੋਵੇਗੀ ਅਤੇ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਜਾਵੇਗਾ, ਤਾਂ "ਇਜ਼ਰਾਈਲ ਨੂੰ ਛੱਡ ਕੇ" ਵਾਲੇ ਨਵੇਂ ਨਿਯਮ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਸਰਕਾਰ ਇਸ ਤਰ੍ਹਾਂ ਦੇ ਬਦਲਾਅ ਕਰਕੇ ਇਜ਼ਰਾਈਲ ਵਿਰੋਧੀ ਸੁਰਾਂ ਨੂੰ ਤੇਜ਼ ਕਰ ਰਹੀ ਹੈ ਤਾਂ ਜੋ ਕੱਟੜਪੰਥੀ ਸਮੂਹਾਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
