ਡ੍ਰੈਗਨ ਦੀ ਨਵੀਂ ਚਾਲ, ਬੰਗਲਾਦੇਸ਼ ਨੂੰ ਦੇਵੇਗਾ ਜੇ-10 ਫਾਈਟਰ ਜੈੱਟ
Wednesday, Aug 05, 2026 - 01:26 AM (IST)
ਢਾਕਾ - ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ਵਿਚ ਜੋ ਕੜਵਾਹਟ ਸ਼ੁਰੂ ਹੋਈ ਸੀ, ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁਹੰਮਦ ਯੂਨੁਸ ਦੀ ਅੰਤ੍ਰਿਮ ਸਰਕਾਰ ਤੋਂ ਬਾਅਦ ਤਾਰਿਕ ਰਹਿਮਾਨ ਦੇ ਦੌਰ ਵਿਚ ਵੀ ਹਾਲਾਤ ਬਿਹਤਰ ਨਹੀਂ ਹੋ ਸਕੇ। ਹਾਲਾਂਕਿ ਸ਼ੁਰੂਆਤ ਵਿਚ ਥੋੜੀ ਸਕਾਰਾਤਮਕਤਾ ਦਿਖੀ ਪਰ ਆਖਿਰਕਾਰ ਢਾਕਾ ਚੀਨ ਦੇ ਕੂਟਨੀਤਕ ਅਤੇ ਆਰਥਿਕ ਜਾਲ ਵਿਚ ਉਲਝ ਗਿਆ।
ਹੁਣ ਚੀਨ ਨਿਵੇਸ਼ ਦੇ ਬਹਾਨੇ ਬੰਗਲਾਦੇਸ਼ ਨੂੰ ਆਪਣੇ ਜੇ-10ਸੀਈ ਮਲਟੀਰੋਲ ਲੜਾਕੂ ਜਹਾਜ਼ ਵੇਚਣ ਜਾ ਰਿਹਾ ਹੈ। ਭਾਰਤੀ ਰੱਖਿਆ ਮਾਹਿਰਾਂ ਦੀ ਨਜ਼ਰ ਵਿਚ ਇਹ ਸੌਦਾ ਸਿਰਫ਼ ਹਥਿਆਰਾਂ ਦੀ ਖਰੀਦੋ-ਫਰੋਖਤ ਨਹੀਂ, ਬਲਕਿ ਦੱਖਣੀ ਏਸ਼ੀਆ ਦੀ ਹਵਾਈ ਤਾਕਤ ਦੇ ਸੰਤੁਲਨ ਨੂੰ ਵਿਗਾੜਨ ਵਾਲੀ ਇਕ ਵੱਡੀ ਰਣਨੀਤਕ ਚਾਲ ਹੈ।
2.2 ਅਰਬ ਡਾਲਰ ਦਾ ਸੌਦਾ
ਸੂਤਰਾਂ ਮੁਤਾਬਕ ਇਹ ਲੱਗਭਗ 2.2 ਅਰਬ ਡਾਲਰ (ਲਗਭਗ 18 ਹਜ਼ਾਰ ਕਰੋੜ ਰੁਪਏ) ਦਾ ਸਰਕਾਰੀ ਸਮਝੌਤਾ ਹੈ। ਇਸ ਵਿਚ ਸਿਰਫ਼ 24 ਫਾਈਟਰ ਜੈੱਟਾਂ ਦੀ ਸਪਲਾਈ ਹੀ ਸ਼ਾਮਲ ਨਹੀਂ ਹੈ, ਬਲਕਿ 2035-36 ਤੱਕ ਲਈ ਇਕ ਲੰਬਾ ਪੈਕੇਜ ਦਿੱਤਾ ਜਾ ਰਿਹਾ ਹੈ, ਜਿਸ ਵਿਚ ਬੰਗਲਾਦੇਸ਼ੀ ਪਾਇਲਟਾਂ ਦੀ ਟ੍ਰੇਨਿੰਗ, ਜਹਾਜ਼ਾਂ ਦੀ ਦੇਖਭਾਲ ਅਤੇ ਸਪੇਅਰ ਪਾਰਟਸ, ਲੌਜਿਸਟਿਕਸ ਅਤੇ ਲੌਂਗ ਟਰਮ ਤਕਨੀਕੀ ਸਹਾਇਤਾ ਵੀ ਸ਼ਾਮਲ ਹੈ।
ਪਾਕਿਸਤਾਨ ਕੋਲ ਪਹਿਲਾਂ ਤੋਂ ਹੀ 20 ਤੋਂ ਵੱਧ ਜੇ-10 ਜਹਾਜ਼ ਮੌਜੂਦ ਹਨ। ਹਾਲਾਂਕਿ ਮਈ 2025 ਵਿਚ ਹੋਏ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਅਤੇ ਚੀਨ ਨੇ ਇਨ੍ਹਾਂ ਜਹਾਜ਼ਾਂ ਬਾਰੇ ਕਈ ਵੱਡੇ ਦਾਅਵੇ ਕੀਤੇ ਸਨ, ਜਿਨ੍ਹਾਂ ਨੂੰ ਭਾਰਤੀ ਰੱਖਿਆ ਮਾਹਿਰਾਂ ਨੇ ਸਿਰਫ ਕੂੜ ਪ੍ਰਚਾਰ ਦੱਸਿਆ ਸੀ। ਭਾਵੇਂ ਫਰਾਂਸ ’ਚ ਬਣੇ ਭਾਰਤ ਦੇ ਰਾਫੇਲ ਜਹਾਜ਼ਾਂ ਦੇ ਸਾਹਮਣੇ ਜੇ-10 ਤਕਨੀਕ ਕਿਤੇ ਨਹੀਂ ਠਹਿਰਦੀ ਪਰ ਕੀਮਤ ਵਿਚ ਸਸਤੇ ਹੋਣ ਕਾਰਨ ਚੀਨ ਇਨ੍ਹਾਂ ਗੁਆਂਢੀ ਦੇਸ਼ਾਂ ਨੂੰ ਆਸਾਨੀ ਨਾਲ ਆਪਣੇ ਪਾਲੇ ਵਿਚ ਕਰ ਰਿਹਾ ਹੈ।
ਭਾਰਤ ਦੀਆਂ ਰਣਨੀਤਕ ਚਿੰਤਾਵਾਂ ਵਧੀਆਂ
ਭਾਰਤੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਅਸਲੀ ਚੁਣੌਤੀ ਬੰਗਲਾਦੇਸ਼ ਦੀ ਤੁਰੰਤ ਫੌਜੀ ਸਮਰੱਥਾ ਤੋਂ ਨਹੀਂ, ਬਲਕਿ ਭਾਰਤ ਦੇ ਪੂਰਬੀ ਅਤੇ ਪੱਛਮੀ-ਦੋਵਾਂ ਮੋਰਚਿਆਂ ’ਤੇ ਚੀਨੀ ਫੌਜੀ ਈਕੋਸਿਸਟਮ ਦੇ ਮਜ਼ਬੂਤ ਹੋਣ ਤੋਂ ਹੈ।
ਜੇਕਰ ਬੰਗਲਾਦੇਸ਼ ਵੀ ਉਹੀ ਚੀਨੀ ਫਾਈਟਰ ਵਰਤਦਾ ਹੈ, ਜੋ ਪਾਕਿਸਤਾਨ ਵਰਤ ਰਿਹਾ ਹੈ, ਤਾਂ ਭਾਰਤ ਨੂੰ ਦੋਵਾਂ ਸਰਹੱਦਾਂ ’ਤੇ ਇਕੋ ਜਿਹੇ ਚੀਨੀ ਐਵੀਓਨਿਕਸ, ਰਾਡਾਰ ਸਿਸਟਮ, ਡਾਟਾ-ਲਿੰਕ ਪ੍ਰੋਟੋਕੋਲ ਅਤੇ ਇਲੈਕਟ੍ਰਾਨਿਕ ਵਾਰਫੇਅਰ ਤਕਨੀਕਾਂ ਦਾ ਸਾਹਮਣਾ ਕਰਨਾ ਪਵੇਗਾ। ਜੂਨ 2024 ਵਿਚ ਬੰਗਲਾਦੇਸ਼ੀ ਅਧਿਕਾਰੀਆਂ ਦੀ ਬੀਜਿੰਗ ਯਾਤਰਾ ਤੋਂ ਬਾਅਦ ਇਸ ਸੌਦੇ ਨੇ ਰਫ਼ਤਾਰ ਫੜੀ। ਅਨੁਮਾਨ ਹੈ ਕਿ ਅਗਸਤ 2026 ਤੱਕ ਇਸ ਸਮਝੌਤੇ ’ਤੇ ਅੰਤਿਮ ਦਸਤਖਤ ਹੋ ਜਾਣਗੇ ਅਤੇ 2026 ਦੇ ਅੰਤ ਜਾਂ 2027 ਦੀ ਸ਼ੁਰੂਆਤ ਤੱਕ ਜੈੱਟਾਂ ਦੀ ਡਿਲਿਵਰੀ ਸ਼ੁਰੂ ਹੋ ਸਕਦੀ ਹੈ।
ਭਾਰਤ ਲਈ ਸਭ ਤੋਂ ਚਿੰਤਾਜਨਕ ਪਹਿਲੂ ਬੰਗਲਾਦੇਸ਼ ਦਾ ਲਾਲਮੋਨਿਰਹਾਟ ਏਅਰਬੇਸ ਹੈ। ਇਹ ਪੁਰਾਣਾ ਏਅਰਬੇਸ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਮਹਿਜ਼ 12-15 ਕਿਲੋਮੀਟਰ ਦੂਰ ਹੈ ਅਤੇ ਭਾਰਤ ਦੇ ਬਹੁਤ ਹੀ ਸੰਵੇਦਨਸ਼ੀਲ ਸਿਲੀਗੁੜੀ ਕਾਰੀਡੋਰ (ਚਿਕਨ ਨੈੱਕ) ਦੇ ਬਿਲਕੁਲ ਨੇੜੇ ਹੈ।
