''ਅਫਗਾਨਿਸਤਾਨ ਨੂੰ ਘੁਣ ਵਾਂਗ ਖਾ ਰਹੀ ਹੈ ਪਾਕਿ ਦੀ ISI''
Tuesday, Aug 11, 2020 - 07:29 PM (IST)
ਕਾਬੁਲ: ਅਫਗਾਨਿਸਤਾਨ ਦੇ ਸਾਬਕਾ ਇੰਟੈਲੀਜੈਂਸ ਚੀਫ ਰਹਿਮਤੁੱਲਾ ਨਬੀਲ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟਾਂ ਨੂੰ ਘੁਣ ਦੱਸਿਆ ਹੈ ਜੋ ਅਫਗਾਨਿਸਤਾਨ ਦੇ ਸਿਸਟਮ ਨੂੰ ਖਾਂਦੇ ਜਾ ਰਹੇ ਹਨ ਤੇ ਦੇਸ਼ ਨੂੰ ਖਤਰੇ ਵਿਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਨਿਪਟਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਤਕਰੀਬਨ 6000-6500 ਅੱਤਵਾਦੀ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਸਰਗਰਮ ਹਨ, ਜਿਨ੍ਹਾਂ ਵਿਚੋਂ ਵਧੇਰਿਆਂ ਦਾ ਸਬੰਧ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਹੈ ਤੇ ਉਹ ਦੋਵਾਂ ਦੇਸ਼ਾਂ ਦੇ ਲਈ ਖਤਰਾ ਹਨ।
ਆਈ.ਐੱਸ.ਆਈ. ਏਜੰਟਾਂ ਨਾਲ ਨਿਪਟਿਆ ਜਾਣਾ ਜ਼ਰੂਰੀ
ਨਬੀਲ ਇਕ ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ਕਿਹਾ ਕਿ ਖੇਤਰੀ ਦੇਸ਼ਾਂ ਦੀਆਂ ਖੁਫੀਆਂ ਏਜੰਸੀਆਂ ਦੇ ਕਰਮਚਾਰੀ ਸਰਕਾਰੀ ਸੰਸਥਾਨਾਂ ਵਿਚ ਹਨ ਜੋ ਅਫਗਾਨਿਸਤਾਨ ਦੇ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਘੁਣ ਜੋ ਸਿਸਟਮ ਨੂੰ ਤਬਾਹ ਕਰ ਰਿਹਾ ਹੈ। ਸਿਸਟਮ ਵਿਚ ਮੌਜੂਦ ਆਈ.ਐੱਸ.ਆਈ. ਏਜੰਟ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਖੇਤਰ ਵਿਚ ਮੌਜੂਦ ਲੋਕ ਆਪਣੇ ਸਿਆਸੀ ਤੇ ਆਰਥਿਕ ਮਕਸਦ ਦੇ ਲਈ ਸ਼ੋਸ਼ਣ ਕਰ ਰਹੇ ਹਨ।
ਨਬੀਲ ਨੇ ਇਸ ਗੱਲ 'ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਦਾ ਫੈਸਲਾ ਦੂਜੇ ਦੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਡੀ ਸ਼ਾਂਤੀ ਵੀ ਇਸ ਤਰ੍ਹਾਂ ਦੀ ਪ੍ਰਾਕਸੀ ਬਣ ਗਈ ਹੈ ਜਿਸ ਵਿਚ ਅਫਗਾਨੀ ਲੋਕ ਸ਼ਾਮਲ ਹੀ ਨਹੀਂ ਹਨ। ਨਬੀਲ ਨੇ ਕਿਹਾ ਕਿ ਜਿਵੇਂ ਸੋਵੀਅਤ ਜਾਂਦੇ ਵੇਲੇ ਜੰਗ ਵਿਚ ਛੱਡ ਗਏ ਸਨ ਉਸੇ ਤਰ੍ਹਾਂ ਅਮਰੀਕੀ ਵੀ ਅੱਤਵਾਦ ਖਤਮ ਕਰਨ ਆਏ ਸਨ ਪਰ ਜੰਗ ਛੱਡ ਕੇ ਜਾ ਰਹੇ ਹਨ।