ਇਕ ਵਾਰ ਫਿਰ ਤੁਰਕੀ ਦੇ ਰਾਸ਼ਟਰਪਤੀ ਬਣੇ ਏਰਦੋਗਨ, ਲਗਾਤਾਰ 11ਵੀਂ ਵਾਰ ਹੋਵੇਗੀ ਤਾਜਪੋਸ਼ੀ
Monday, May 29, 2023 - 04:38 AM (IST)
ਅੰਕਾਰਾ : ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਗਨ ਨੇ ਜਿੱਤ ਹਾਸਲ ਕਰ ਲਈ ਹੈ। ਉਹ ਇਕ ਵਾਰ ਫਿਰ ਸੱਤਾ ’ਤੇ ਕਾਬਜ਼ ਹੋਣ ਜਾ ਰਹੇ ਹਨ। ਤੁਰਕੀ ਦੀ ਸਰਕਾਰੀ ਅਨਾਦੋਲੂ ਨਿਊਜ਼ ਏਜੰਸੀ ਨੇ ਗ਼ੈਰ-ਰਸਮੀ ਤੌਰ ’ਤੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਤ ਚੋਣ ਨਤੀਜੇ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਦੱਸਿਆ ਜਾ ਰਿਹਾ ਹੈ ਕਿ 97 ਫੀਸਦੀ ਬੈਲਟ ਬਾਕਸ ਖੁੱਲ੍ਹ ਚੁੱਕੇ ਹਨ। ਏਰਦੋਗਨ ਨੇ ਐਤਵਾਰ ਨੂੰ ਦੂਜੇ ਦੌਰ ’ਚ 52.1 ਫੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਕੇਮਾਲ ਕੇਲਿਚਡਾਰੋਹਲੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ 47.9 ਫੀਸਦੀ ਵੋਟਾਂ ਮਿਲੀਆਂ।
ਆਫ਼ੀਸ਼ੀਅਲ ਸੁਪਰੀਮ ਚੋਣ ਪ੍ਰੀਸ਼ਦ ਨੇ ਅਜੇ ਤੱਕ ਚੋਣ ਨਤੀਜਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸ ਜਿੱਤ ਦਾ ਮਤਲਬ ਇਹ ਹੋ ਗਿਆ ਹੈ ਕਿ 69 ਸਾਲਾ ਏਰਦੋਗਨ ਆਪਣੇ 20 ਸਾਲਾਂ ਦੇ ਸ਼ਾਸਨ ਨੂੰ ਹੋਰ ਪੰਜ ਸਾਲਾਂ ਲਈ ਵਧਾ ਦੇਣਗੇ। ਏਰਦੋਗਨ ਨੂੰ 14 ਮਈ ਨੂੰ 49.52 ਫੀਸਦੀ ਵੋਟਾਂ ਮਿਲੀਆਂ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਕੇਮਲ ਕੇਲਿਚਡਾਰੋਹਲੂ ਨੂੰ 44.88 ਫੀਸਦੀ ਵੋਟਾਂ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ
ਚੋਣਾਂ ਵਿਚ 6 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦੀ ਕੀਤੀ ਵਰਤੋਂ
ਤੁਰਕੀ ’ਚ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਸਰਵੇਖਣ) ਨਹੀਂ ਹੁੰਦੇ ਪਰ ਸ਼ਾਮ 5 ਵਜੇ ਵੋਟਿੰਗ ਖ਼ਤਮ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਨਤੀਜੇ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਚੋਣ ਵਿਚ ਛੇ ਕਰੋੜ 40 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਦੇ ਯੋਗ ਸਨ। ਇਸਤਾਂਬੁਲ ’ਚ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਤੁਰਕੀ ਦੇ ਇਤਿਹਾਸ ਵਿਚ ਇਹ ਪਹਿਲੀ ਰਾਸ਼ਟਰਪਤੀ ਚੋਣ ਹੈ, ਜਿਸ ਵਿਚ ਦੂਜੇ ਦੌਰ ਦੀ ਵੋਟਿੰਗ ਹੋ ਰਹੀ ਹੈ। ਏਰਦੋਗਨ ਨੇ ਪਹਿਲੇ ਗੇੜ ’ਚ ਉੱਚ ਵੋਟਿੰਗ ਫ਼ੀਸਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਦੁਬਾਰਾ ਵੋਟ ਪਾਉਣਗੇ। 74 ਸਾਲਾ ਸਾਬਕਾ ਨੌਕਰਸ਼ਾਹ ਕੇਮਾਲ ਨੇ ਦੂਜੇ ਦੌਰ ਦੀ ਵੋਟਿੰਗ ਨੂੰ ਦੇਸ਼ ਦੇ ਭਵਿੱਖ ਬਾਰੇ ਰਾਏਸ਼ੁਮਾਰੀ ਦੱਸਿਆ।
ਤੁਰਕੀ ’ਚ ਏਰਦੋਗਨ ਪਿਛਲੇ 20 ਸਾਲਾਂ ਤੋਂ ਸੱਤਾ ਵਿਚ ਹਨ। ਏਰਦੋਗਨ, ਜੋ ਵੋਟਿੰਗ ਦੇ ਪਹਿਲੇ ਗੇੜ ਵਿਚ ਜਿੱਤ ਲਈ ਲੋੜੀਂਦੇ ਬਹੁਮਤ ਤੋਂ ਖੁੰਝ ਗਏ, ਦੂਜੇ ਦੌਰ ਵਿਚ ਜਿੱਤਣ ਦੀ ਉਮੀਦ ਹੈ। ਏਰਦੋਗਨ ਪਹਿਲੇ ਦੌਰ ’ਚ ਆਪਣੇ ਵਿਰੋਧੀ ਕੇਮਾਲ ਤੋਂ 4 ਫੀਸਦੀ ਅੰਕਾਂ ਨਾਲ ਅੱਗੇ ਰਹੇ ਸਨ। ਕੇਮਾਲ ਛੇ ਪਾਰਟੀਆਂ ਦੇ ਗੱਠਜੋੜ ਅਤੇ ਕੇਂਦਰ-ਖੱਬੇਪੱਖੀ ਮੁੱਖ ਵਿਰੋਧੀ ਪਾਰਟੀ ਦੇ ਉਮੀਦਵਾਰ ਹਨ।