ਇੰਗਲੈਂਡ : ਦੋ ਪੰਜਾਬੀ ਕੌਂਸਲਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ

Wednesday, Jun 19, 2019 - 11:54 AM (IST)

ਇੰਗਲੈਂਡ : ਦੋ ਪੰਜਾਬੀ ਕੌਂਸਲਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ

ਲੰਡਨ (ਸਮਰਾ)— ਬੀਤੇ ਦਿਨੀਂ ਸਥਾਨਕ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਇਕ ਪ੍ਰਭਾਵੀ ਸਮਾਗਮ ਦੌਰਾਨ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਦੀਆਂ ਹੋਈਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤੇ ਦੋ ਪੰਜਾਬੀ ਕੌਂਸਲਰਾਂ ਕਮਲ ਸਿੰਘ ਘਟੋਰੇ ਤੇ ਰਾਣੀ ਮਾਹਿਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ । ਅਖੰਡ ਪਾਠ ਦੇ ਭੋਗ ਉਪਰੰਤ ਦੋਵੇਂ ਕੌਂਸਲਰਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਏ ਵੱਲੋਂ ਸਿਰੋਪੇ ਭੇਂਟ ਕੀਤੇ ਗਏ ਤੇ ਨਾਲ ਹੀ ਯਾਦਗਾਰੀ ਟ੍ਰਾਫੀਆਂ ਵੀ ਭੇਂਟ ਕੀਤੀਆ ਗਈਆਂ । 

ਇਸ ਮੌਕੇ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਨੇ ਕਿਹਾ ਕਿ ਕਮਲ ਸਿੰਘ ਤੇ ਰਾਣੀ ਮਾਹਿਲ ਦੀ ਜਿੱਤ ਮਈ ਮਹੀਨੇ ਹੋਈਆਂ ਕੌਂਸਲ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੀ ਇਕ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ । ਇਹਨਾਂ ਦੀ ਜਿੱਤ ਨਾਲ ਇਸ ਇਲਾਕੇ ਦੀਆਂ ਦੋ ਲੋਕਲ ਗਵਰਨਮੈਂਟਾਂ (ਓਡਬੀ ਐਂਡ ਵਿਗਸਟਨ ਬਰੋ ਤੇ ਮਾਰਕੀਟ ਹਾਰਬਰੋ ਕੌਂਸਲ ) ਵਿਚ ਹੁਣ ਪੰਜਾਬੀਆਂ ਨੂੰ ਪਹਿਲੀ ਵਾਰ ਪ੍ਰਤੀਨਿਧਤਾ ਮਿਲੀ ਹੈ । 

ਕੌਂਸਲਰ ਕਮਲ ਸਿੰਘ ਤੇ ਕੌਂਸਲਰ ਰਾਣੀ ਮਾਹਿਲ ਨੇ ਗੁਰਦੁਆਰਾ ਕਮੇਟੀ ਵੱਲੋਂ ਉਹਨਾ ਨੂੰ ਮਾਣ ਸਨਮਾਨ ਦਿੱਤੇ ਜਾਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਇਹ ਅਹਿਦ ਕੀਤਾ ਕਿ ਭਾਵੇਂ ਕਿ ਉਹ ਪਹਿਲਾਂ ਵੀ ਆਪਣੇ ਭਾਈਚਾਰੇ ਦੀ ਸਮਰੱਥਾ ਮੁਤਾਬਿਕ ਹਮੇਸ਼ਾ ਹੀ ਸੇਵਾ ਕਰਦੇ ਰਹੇ ਹਨ ਪਰ ਹੁਣ ਜੋ ਨਵੀਂ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਭਾਈਚਾਰੇ  ਦੇ ਭਲੇ ਹਿਤ ਕੋਈ ਕਸਰ ਬਾਕੀ ਨਹੀਂ ਛੱਡਣਗੇ । 

ਉਹਨਾਂ ਇਹ ਵੀ ਕਿਹਾ ਕਿ ਭਾਈਚਾਰੇ ਦੇ ਕਿਸੇ ਵੀ ਮੈਂਬਰ ਨੂੰ ਉਹਨਾਂ ਦੀਆ ਸੇਵਾਵਾਂ ਦੀ ਕਿਸੇ ਵੇਲੇ ਵੀ ਲੋੜ ਹੋਵੇ ਤਾਂ ਉਹ ਮਿਲ ਸਕਦੇ ਹਨ। ਹਰ ਪੱਖੋਂ ਲੋੜੀਂਦਾ ਸਹਿਯੋਗ ਤੇ ਸਹਾਇਤਾ ਕੀਤੀ ਜਾਵੇਗੀ ।ਇੱਥੇ ਜ਼ਿਕਰਯੋਗ ਹੈ ਕਿ ਉਕਤ ਵਰਣਿਤ ਦੋਵੇਂ ਕੌਂਸਲਰ ਯੂ.ਕੇ. ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਹਨ ਤੇ ਦੋਵੇਂ ਪਹਿਲੀ ਵਾਰ ਚੁਣੇ ਗਏ ਹਨ । ਇਹ ਵੀ ਦੱਸਣਯੋਗ ਹੈ ਕਿ ਰਾਣੀ ਮਾਹਿਲ ਨੂੰ ਮਾਰਕੀਟ ਹਾਰਬਰੋ ਕੌਂਸਲ ਦੀ ਪਹਿਲੀ ਪੰਜਾਬਣ ਕੌਂਸਲਰ ਅਤੇ ਕਮਲ ਸਿੰਘ ਘਟੋਰੇ ਨੂੰ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਦੇ ਪਹਿਲੇ ਸਿੱਖ ਕੌਂਸਲਰ ਚੁਣੇ ਜਾਣ ਦੇ ਨਾਲ ਹੀ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ।


author

Vandana

Content Editor

Related News