ਗ੍ਰੇਵਜੈਂਡ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਚੁਣੇ ਗਏ ਮਨਪ੍ਰੀਤ ਸਿੰਘ ਧਾਲੀਵਾਲ

01/28/2020 10:27:17 AM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਨਿਵੇਕਲੀ ਚਰਚਾ ਦਾ ਵਿਸ਼ਾ ਬਣੀ ਰਹੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜੈਂਡ ਕਮੇਟੀ ਦੀ ਚੋਣ ਪ੍ਰਕਿਰਿਆ ਅਖੀਰ ਨੇਪਰੇ ਚੜ੍ਹ ਗਈ। ਜਿਸ ਵਿੱਚ ਮੁੱਖ ਸੇਵਾਦਾਰ ਦੀ ਚੋਣ ਵਿੱਚ ਮਹਿਜ 30 ਸਾਲ ਦੀ ਉਮਰ ਦੇ ਮਨਪ੍ਰੀਤ ਸਿੰਘ ਧਾਲੀਵਾਲ ਨਾਮੀ ਨੌਜਵਾਨ ਨੇ ਬਾਜ਼ੀ ਮਾਰੀ। ਇਸ ਚੋਣ ਦੌਰਾਨ ਚਾਰ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਸਨ, ਜਿਹਨਾਂ ਵਿੱਚੋਂ ਬੀਬੀ ਕੁਲਵਿੰਦਰ ਕੌਰ ਨੇ ਵੋਟਾਂ ਤੋਂ ਹਫਤਾ ਪਹਿਲਾਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ। ਬਾਕੀ ਉਮੀਦਵਾਰਾਂ ਵਿੱਚੋਂ ਦਵਿੰਦਰ ਸਿੰਘ ਬੈਂਸ ਨੂੰ 1140 ਵੋਟਾਂ, ਪਰਮਿੰਦਰ ਸਿੰਘ ਮੰਡ ਨੂੰ 209 ਵੋਟਾਂ ਪਈਆਂ ਜਦਕਿ ਮਨਪ੍ਰੀਤ ਸਿੰਘ ਧਾਲੀਵਾਲ ਨੇ 1584 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। 

PunjabKesari

ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਧਾਲੀਵਾਲ 9 ਸਾਲ ਦੀ ਉਮਰ ਵਿਚ ਹੀ ਅੰਮ੍ਰਿਤਧਾਰੀ ਗੁਰਸਿੱਖ ਸਜ ਗਿਆ ਸੀ ਤੇ ਹੁਣ ਕਿੱਤੇ ਵਜੋਂ ਫਾਈਨਾਂਸ ਦਾ ਕੰਮ ਕਰਦਾ ਹੈ। ਇਸ ਜਿੱਤ ਉਪਰੰਤ ਪ੍ਰਧਾਨ ਅਜਾਇਬ ਸਿੰਘ ਚੀਮਾ, ਸਕੱਤਰ ਭਿੰਦਾ ਮੁਠੱਡਾ, ਖਜਾਨਚੀ ਸੋਹਣ ਸਿੰਘ ਭੱਟੀ, ਕੁਲਵਿੰਦਰ ਸਿੰਘ ਛਿੰਦਾ ਸੰਧੂ, ਅਵਤਾਰ ਸਿੰਘ ਰਾਏ, ਬਿੱਟੂ ਭਰੋਲੀ ਅਤੇ ਜੀ.ਐੱਨ.ਜੀ. ਕਬੱਡੀ ਕਲੱਬ ਦੇ ਸਮੂਹ ਮੈਂਬਰਾਂ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਕੱਤਰ ਰਛਪਾਲ ਸਿੰਘ ਸਹੋਤਾ, ਸਾਬਕਾ ਪ੍ਰਧਾਨ ਸੱਤਾ ਮੁਠੱਡਾ, ਮਨਜੀਤ ਸਿੰਘ ਸ਼ੇਤਰਾ, ਬਲਜੀਤ ਸਿੰਘ ਹੇਅਰ, ਗੁਰਮੇਲ ਸਿੰਘ ਜੰਡਾਲੀ, ਸੁਖਮਿੰਦਰ ਸਿੰਘ ਧਾਲੀਵਾਲ, ਪ੍ਰਬੰਧਕੀ ਕਮੇਟੀ ਤੇ ਸਮੂਹ ਸੰਗਤ ਵੱਲੋਂ ਨੌਜਵਾਨ ਮਨਪ੍ਰੀਤ ਸਿੰਘ ਧਾਲੀਵਾਲ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹਰ ਸੰਭਵ ਸਾਥ ਦਾ ਭਰੋਸਾ ਦਿਵਾਇਆ। 

ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੀ ਕਮੇਟੀ ਵਿੱਚ ਵੀ ਮੀਤ ਪ੍ਰਧਾਨ ਵਜੋਂ ਸੇਵਾਵਾਂ ਤਨਦੇਹੀ ਨਾਲ ਨਿਭਾਉਂਦੇ ਰਹੇ ਹੋਣ ਕਰਕੇ ਸੰਗਤਾਂ ਨੇ ਉਹਨਾਂ ਨੂੰ ਮੁੱਖ ਸੇਵਾਦਾਰ ਵਜੋਂ ਸੇਵਾ ਦਾ ਮੌਕਾ ਦਿੱਤਾ ਹੈ। ਉਹ ਗੁਰੂ ਨੂੰ ਹਾਜਰ ਨਾਜ਼ਰ ਮੰਨਦੇ ਹੋਏ ਵਾਅਦਾ ਕਰਦੇ ਹਨ ਕਿ ਸੰਗਤਾਂ ਦੇ ਭਰੋਸੇ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ।


Vandana

Content Editor

Related News