ਇੰਗਲੈਂਡ ''ਚ ਕੋਰੋਨਾ ਮਰੀਜ਼ਾਂ ਲਈ ਵਧੀ ਆਕਸੀਜਨ ਦੀ ਮੰਗ, ਹਸਪਤਾਲਾਂ ਦੀ ਸਥਿਤੀ ਨਾਜ਼ੁਕ

Monday, Jan 11, 2021 - 04:57 PM (IST)

ਇੰਗਲੈਂਡ ''ਚ ਕੋਰੋਨਾ ਮਰੀਜ਼ਾਂ ਲਈ ਵਧੀ ਆਕਸੀਜਨ ਦੀ ਮੰਗ, ਹਸਪਤਾਲਾਂ ਦੀ ਸਥਿਤੀ ਨਾਜ਼ੁਕ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਪ੍ਰਤੀ ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਇਨ੍ਹਾਂ ਸਿਹਤ ਸਹੂਲਤਾਂ ਵਿੱਚ ਆਕਸੀਜਨ ਦੀ ਹੋ ਰਹੀ ਕਮੀ ਵਧੇਰੇ ਚਿੰਤਾਜਨਕ ਹੈ। ਇਸ ਸੰਬੰਧੀ ਇੱਕ ਰਿਪੋਰਟ ਦੇ ਅਨੁਸਾਰ ਏਸੇਕਸ ਦਾ ਇੱਕ ਹਸਪਤਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਵਧੀ ਹੋਈ ਆਕਸੀਜਨ ਦੀ ਮੰਗ ਨੂੰ ਲੈ ਕੇ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। 

ਇਸ ਖੇਤਰ ਦੇ ਸਾਉਥੈਂਡ ਹਸਪਤਾਲ ਦੇ ਪ੍ਰਬੰਧਕ ਇਸ ਵੇਲੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ। ਇਸ ਦੀ ਜਾਣਕਾਰੀ ਦਿੰਦੇ ਨੋਟ ਅਨੁਸਾਰ ਮਰੀਜ਼ਾਂ ਲਈ ਆਕਸੀਜਨ ਖਪਤ ਦੇ ਪੱਧਰ ਨੂੰ ਹੁਣ 88 ਤੋਂ 92% ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਦਕਿ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੇ ਇਸ ਪੱਧਰ ਦੀ 92-96 ਪ੍ਰਤੀਸ਼ਤ ਤੱਕ ਦੀ ਸਿਫਾਰਸ਼ ਰਾਸ਼ਟਰੀ ਸਿਹਤ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਹੈ।ਇਸ ਦੌਰਾਨ ਐਤਵਾਰ ਨੂੰ ਯੂਕੇ ਵਿੱਚ ਤਕਰੀਬਨ 54,940 ਹੋਰ ਕੇਸਾਂ ਦੇ ਨਾਲ 563 ਮੌਤਾਂ ਵੀ ਦਰਜ਼ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੌਤਾਂ ਦੀ ਗਿਣਤੀ ਲੱਗਭਗ 81,431 ਹੋ ਗਈ ਹੈ। 

ਇਸ ਦੇ ਇਲਾਵਾ ਏਸੇਕਸ ਖੇਤਰ ਵਿੱਚ ਵੀ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਦੇ ਸਿੱਟੇ ਵਜੋਂ ਇਸ ਖੇਤਰ ਵਿੱਚ ਹੁਣ ਯੂਕੇ ਦੀ ਤੀਜੀ ਸਭ ਤੋਂ ਵੱਡੀ ਲਾਗ ਦਰ ਹੈ। ਇਸ ਖੇਤਰ ਦੇ ਅੰਕੜਿਆਂ ਅਨੁਸਾਰ ਏਸੇਕਸ ਵਿੱਚ ਪ੍ਰਤੀ 100,000 ਵਿਅਕਤੀਆਂ ਪਿੱਛੇ 1540.1 ਕੇਸ ਹਨ, ਜਦੋਂ ਕਿ ਸਾਉਥੈਂਡ ਵਿੱਚ ਪ੍ਰਤੀ 100,000 ਲਈ 1234.7 ਵਾਇਰਸ ਦੇ ਕੇਸ ਹਨ। ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲ ਹੋਣ ਦੀ ਵੱਧ ਰਹੀ ਗਿਣਤੀ ਦੇ ਕਾਰਨ ਐੱਨ.ਐੱਚ.ਐੱਸ ਹੁਣ ਸਭ ਤੋਂ ਖਤਰਨਾਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਪ੍ਰੋਫੈਸਰ ਵਿੱਟੀ ਨੇ ਇਸ ਸਥਿਤੀ ਨੂੰ ਰੋਕਣ ਲਈ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


author

Vandana

Content Editor

Related News