ਮਿਸੀਸਾਗਾ ''ਚ ਭੇਸ ਬਦਲ ਕੇ ਲੁਟੇਰਿਆਂ ਨੇ ਲੁੱਟੀ ਸੁਨਿਆਰੇ ਦੀ ਦੁਕਾਨ, ਇਕ ਕਾਬੂ
Thursday, Dec 24, 2020 - 05:25 PM (IST)
ਮਿਸੀਸਾਗਾ- ਓਂਟਾਰੀਓ ਦੇ ਸ਼ਹਿਰ ਮਿਸੀਸਾਗਾ ਵਿਚ 9 ਨਵੰਬਰ ਨੂੰ ਦੋ ਵਿਅਕਤੀਆਂ ਨੇ ਸੁਨਿਆਰੇ ਦੀ ਦੁਕਾਨ ਲੁੱਟੀ ਸੀ ਤੇ ਇਸ ਮਾਮਲੇ ਵਿਚ ਪੁਲਸ ਨੇ ਇਕ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਹੈ ਤੇ ਕਈ ਖੁਲਾਸੇ ਕੀਤੇ ਹਨ। ਲੁਟੇਰਿਆਂ ਨੇ ਦੁਕਾਨ 'ਤੇ ਕੰਮ ਕਰਨ ਵਾਲੇ ਇਕ ਕਾਮੇ ਦੇ ਦੋ ਗੋਲੀਆਂ ਵੀ ਮਾਰੀਆਂ ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਪੀਲ ਰੀਜਨਲ ਪੁਲਸ ਮੁਤਾਬਕ ਇਹ ਹਾਦਸਾ 9 ਨਵੰਬਰ ਨੂੰ ਦੁਪਹਿਰ 2 ਵਜੇ ਹਵਾਈ ਅੱਡੇ ਨੇੜਲੀ ਸੜਕ 'ਤੇ ਬਣੀ ਦੁਕਾਨ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੇ ਦੋ ਅੰਗਰੇਜ਼ਾਂ ਦੇ ਰੂਪ ਵਾਲੇ ਮਾਸਕ ਪਾਏ ਹੋਏ ਸਨ ਤੇ ਦੇਖਣ ਵਿਚ ਲੱਗਦਾ ਸੀ ਕਿ ਕੋਈ ਗੰਜਾ ਤੇ ਲੰਬੀ ਦਾੜ੍ਹੀ ਵਾਲਾ ਵਿਅਕਤੀ ਹੋਵੇ। ਇਨ੍ਹਾਂ ਦੋਹਾਂ ਨੇ ਬੰਦੂਕ ਦੀ ਨੋਕ 'ਤੇ ਤਕਰੀਬਨ 1.5 ਮਿਲੀਅਨ ਡਾਲਰ ਦੇ ਗਹਿਣੇ ਲੁੱਟੇ ਅਤੇ ਫਰਾਰ ਹੋ ਗਏ। ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਦੁਕਾਨ ਵਿਚ ਲੱਗਾ ਇਕ ਕਾਮਾ ਪਾਰਕਿੰਗ ਤੱਕ ਗਿਆ ਤੇ ਗਹਿਣਿਆਂ ਵਾਲਾ ਇਕ ਬੈਗ ਖੋਹਣ ਲੱਗਾ ਪਰ ਉਨ੍ਹਾਂ ਨੇ ਉਸ ਦੇ ਦੋ ਗੋਲੀਆਂ ਮਾਰੀਆਂ ਤੇ ਗੱਡੀ ਵਿਚ ਫਰਾਰ ਹੋ ਗਏ।
ਇਸ ਮਾਮਲੇ ਵਿਚ ਪੁਲਸ ਨੇ ਓਲਾਕੁਨਲੇ ਬੈਨਜੋਕੇ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ । ਉਸ 'ਤੇ ਕਤਲ ਕਰਨ ਦੀ ਕੋਸ਼ਿਸ਼, ਸੋਨਾ ਲੁੱਟਣ, ਬੰਦੂਕ ਰੱਖਣ, ਲੋਕਾਂ ਨੂੰ ਧਮਕਾਉਣ ਸਣੇ ਕਈ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ਇਕ ਦੋਸ਼ੀ ਅਜੇ ਉਨ੍ਹਾਂ ਦੇ ਹੱਥ ਨਹੀਂ ਆਇਆ ਪਰ ਇਕ ਨੂੰ ਉਨ੍ਹਾਂ ਨੇ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਸ ਨੂੰ ਜ਼ਰੂਰ ਦੱਸਿਆ ਜਾਵੇ।