ਐਮਰਜੈਂਸੀ ਕਾਮਿਆਂ ਨੇ ਬਾਈਡੇਨ ਨੂੰ ਕੀਤੀ ਹੋਰ ਸੁਰੱਖਿਆ ਉਪਕਰਣ ਦੇਣ ਦੀ ਕੀਤੀ ਬੇਨਤੀ

Friday, Nov 20, 2020 - 11:54 AM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਆਪਣਾ ਅਹੁਦਾ ਸੰਭਾਲ ਲੈਣ ਤੋਂ ਬਾਅਦ ਕੋਰੋਨਾ ਮਹਾਮਾਰੀ ਦਾ ਵੱਡੇ ਪੱਧਰ 'ਤੇ ਸਾਹਮਣਾ ਕਰਨਾ ਹੋਵੇਗਾ। ਉਸ ਤੋਂ ਪਹਿਲਾਂ ਉਨ੍ਹਾਂ ਨੇ ਬੁੱਧਵਾਰ ਨੂੰ ਅੱਗ ਬੁਝਾਊ ਅਮਲੇ, ਨਰਸਾਂ ਅਤੇ ਕੇਅਰ ਵਰਕਰਾਂ ਨਾਲ ਮਿਲਣੀ ਦੌਰਾਨ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਉਪਕਰਣਾਂ, ਟੈਸਟਾਂ ਅਤੇ ਸੰਪਰਕ ਟਰੇਸਿੰਗ ਦੀ ਗੰਭੀਰ ਘਾਟ ਸੰਬੰਧੀ ਗੱਲਬਾਤ ਕੀਤੀ। 

ਦੇਸ਼ ਭਰ ਵਿਚ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ, ਦੇਸ਼ ਭਰ ਵਿਚ ਵਾਇਰਸ ਦੇ ਮਾਮਲੇ 11 ਮਿਲੀਅਨ ਤੋਂ ਵੱਧ ਅਤੇ 250,000 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਇਸ ਸਥਿਤੀ ਵਿਚ ਵਾਇਰਸ ਤੋਂ ਬਚਾਅ ਲਈ ਕਾਮਿਆਂ ਕੋਲ ਸੁਰੱਖਿਆ ਉਪਕਰਣਾਂ(PPE) ਦੀ ਘਾਟ ਹੈ। ਮਿਨੀਸੋਟਾ ਵਿਚ ਨਰਸ ਐਸੋਸੀਏਸ਼ਨ ਦੀ ਪ੍ਰਧਾਨ ਮੈਰੀ ਟਰਨਰ ਨੇ ਰੋਂਦੇ ਹੋਏ ਇਸ ਘਾਟ ਬਾਰੇ ਦੱਸਿਆ। ਉਸ ਅਨੁਸਾਰ ਮਹਾਮਾਰੀ ਦੇ ਸ਼ੁਰੂ ਵਿਚ, ਨਰਸਾਂ 10 ਸ਼ਿਫਟਾਂ ਲਈ ਸਿੰਗਲ ਮਾਸਕ ਦੀ ਵਰਤੋਂ ਕਰ ਰਹੀਆਂ ਸਨ ਅਤੇ ਫਾਇਰ ਵਿਭਾਗ ਨੇ ਵੀ ਮਾਸਕਾਂ ਨੂੰ ਦੁਬਾਰਾ ਵਰਤਣ ਬਾਰੇ ਦੱਸਿਆ। 

ਬਾਈਡੇਨ ਨੇ ਸ਼ੁੱਕਰਵਾਰ ਨੂੰ ਆਪਣੇ ਕੋਵਿਡ-19 ਸਲਾਹਕਾਰ ਬੋਰਡ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਇਕ ਸਾਬਕਾ ਸਰਜਨ ਡਾਕਟਰ ਵਿਵੇਕ ਮੂਰਤੀ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਬਕਾ ਕਮਿਸ਼ਨਰ ਡਾ. ਡੇਵਿਡ ਕੇਸਲਰ ਅਤੇ ਯੇਲ ਸਕੂਲ ਆਫ਼ ਮੈਡੀਸਨ ਦੀ ਮਾਰਸੇਲਾ ਨੂਨੇਜ਼ ਸਮਿੱਥ ਆਦਿ ਸ਼ਾਮਿਲ ਸਨ। ਇਸ ਦੇ ਨਾਲ ਹੀ ਸੋਮਵਾਰ ਨੂੰ ਕੋਰੋਨਾ ਸੰਬੰਧੀ ਹੋਰ ਜਾਇਜ਼ਾ ਲੈਣ ਲਈ ਬਾਈਡੇਨ ਨੇ ਕਾਰਪੋਰੇਟ ਅਤੇ ਮਜ਼ਦੂਰ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਕਿ ਅਰਥ-ਵਿਵਸਥਾ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾਵੇ। ਇਸ ਸੰਕਟ ਦੇ ਸਮੇਂ ,ਮਹਾਮਾਰੀ ਦਾ ਮੁਕਾਬਲਾ ਕਰਨ ਲਈ, ਬਾਈਡੇਨ ਨੇ ਹਰੇਕ ਨੂੰ ਘੱਟੋ-ਘੱਟ ਦੋ ਮਹੀਨਿਆਂ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਦਾ ਅਭਿਆਸ ਕਰਨ ਦੀ ਅਪੀਲ ਵੀ ਕੀਤੀ ਹੈ। ਵਾਇਰਸ 'ਤੇ ਕਾਬੂ ਕਰਨ ਲਈ ਨਰਸਾਂ ,ਫਾਈਰ ਫਾਈਟਰਜ਼ ਅਤੇ ਹੋਰ ਫਰੰਟਲਾਈਨ ਵਰਕਰ ਬਾਈਡੇਨ ਕੋਲ ਉਚਿਤ ਮਾਤਰਾ ਵਿਚ ਸੁਰੱਖਿਆ ਉਪਕਰਣਾਂ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਵਰਕਰ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।
 


Lalita Mam

Content Editor

Related News