ਫਲੋਰਿਡਾ ’ਚ ਸੈਲੀ ਤੂਫਾਨ ਦੇ ਮੱਦੇਨਜ਼ਰ ਐਮਰਜੈਂਸੀ ਲਾਗੂ
Thursday, Sep 17, 2020 - 01:00 AM (IST)
ਨਿਊਯਾਰਕ (ਯੂ.ਐੱਨ.ਆਈ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਲੀ ਤੂਫਾਨ ਦੇ ਫਲੋਰਿਡਾ ਦੇ ਤੱਟ ਨਾਲ ਸਿੱਧੇ ਟਕਰਾਉਣ ਅਤੇ ਵਿਆਪਕ ਪੱਧਰ ’ਤੇ ਜਾਨਮਾਲ ਦੇ ਨੁਕਸਾਨ ਦੇ ਸ਼ੱਕ ਦੇ ਮੱਦੇਨਜ਼ਰ ਸੂਬੇ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈੱਸ ਸਕੱਤਰ ਜੁਡ ਡਿਰੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਕਈ ਦਿਨਾਂ ਤੋਂ ਅਮਰੀਕੀ ਸਮੁੰਦਰ ਤੱਟ ’ਤੇ ਖਤਰਨਾਕ ਤਰ੍ਹਾਂ ਨਾਲ ਬਣ ਰਹੇ ਤੂਫਾਨ ਸੈਲੀ ਨਾਲ ਲੋਕਾਂ ਦੀ ਰੱਖਿਆ ਲਈ ਸੂਬੇ ’ਚ ਐਮਰਜੈਂਸੀ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰੀ ਤੂਫਾਨ ਕੇਂਦਰ (ਐੱਨ.ਐੱਚ.ਸੀ.) ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਤੂਫਾਨ ਭਾਰੀ ਤਬਾਹੀ ਮਚਾ ਸਕਦਾ ਹੈ। ਮੈਕਸੀਕੋ ਦੀ ਖਾੜੀ ਦੇ ਅਮਰੀਕੀ ਤੱਟ ’ਤੇ ਬਣਨ ਵਾਲੇ 3 ਹਫਤਿਆਂ ’ਚ ਇਹ ਦੂਜਾ ਗੰਭੀਰ ਤੂਫਾਨ ਹੈ।