ਦਰੱਖਤਾਂ ਦੀ ਛਾਂ ਹੇਠ ਪੀਂਘਾਂ ਝੂਟ ਕੇ ਮਨਾਈਆਂ ਗਈਆਂ ਐਲਕ ਗਰੋਵ ਪਾਰਕ ਦੀਆਂ ਤੀਆਂ

Sunday, Aug 18, 2024 - 03:02 PM (IST)

ਦਰੱਖਤਾਂ ਦੀ ਛਾਂ ਹੇਠ ਪੀਂਘਾਂ ਝੂਟ ਕੇ ਮਨਾਈਆਂ ਗਈਆਂ ਐਲਕ ਗਰੋਵ ਪਾਰਕ ਦੀਆਂ ਤੀਆਂ

ਨਿਊਯਾਰਕ/ ਸੈਕਰਾਮੈਂਟੋ  (ਰਾਜ  ਗੋਗਨਾ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 16ਵੀਂ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ‘ਚ ਖੁੱਲ੍ਹੇ ਮੈਦਾਨ ‘ਚ ਦਰੱਖਤਾਂ ਦੀ ਛਾਂ ਹੇਠ ਕਰਵਾਇਆ ਗਿਆ। ਇਕ ਅੰਦਾਜ਼ੇ ਮੁਤਾਬਕ 3 ਹਜ਼ਾਰ ਤੋਂ ਵੱਧ ਔਰਤਾਂ ਨੇ ਇਸ ਵਿਚ ਹਿੱਸਾ ਲਿਆ। ਇਨ੍ਹਾਂ ਤੀਆਂ ਦਾ ਇੰਤਜ਼ਾਰ ਔਰਤਾਂ ਪੂਰਾ ਸਾਲ ਕਰਦੀਆਂ ਹਨ, ਕਿਉਂਕਿ ਇਥੇ ਉਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਦੀਆਂ ਤੀਆਂ ਵਰਗਾ ਮਾਹੌਲ ਮਿਲਦਾ ਹੈ। ਕਿਤੇ ਔਰਤਾਂ ਪੀਂਘਾਂ ਝੂਟ ਰਹੀਆਂ ਹਨ, ਕਿਤੇ ਚਿੱਟੀ ਪਰਿਵਾਰ ਵੱਲੋਂ ਖੜ੍ਹੇ ਕੀਤੇ ਗਏ ਫੋਰਡ ਟਰੈਕਟਰ ਅਤੇ ਰੰਧਾਵਾ ਪਰਿਵਾਰ ਵੱਲੋਂ ਖੜ੍ਹੀ ਕੀਤੀ ਓਪਨ ਜੀਪ ‘ਤੇ ਬੈਠ ਕੇ ਫੋਟੋਆਂ ਖਿਚਵਾ ਰਹੀਆਂ ਹਨ। 

3 ਸਾਲ ਦੀਆਂ ਬੱਚੀਆਂ ਤੋਂ ਲੈ ਕੇ 90 ਸਾਲ ਦੀਆਂ ਬਜ਼ੁਰਗ ਔਰਤਾਂ ਇਸ ਤੀਆਂ ਦੇ ਮੇਲੇ ਵਿਚ ਪਹੁੰਚੀਆਂ ਹੋਈਆਂ ਸਨ। ਇਸ ਵਾਰ ਮੌਸਮ ਪੂਰਾ ਖੁਸ਼ਗਵਾਰ ਸੀ, ਜੋ ਪੰਜਾਬ ਦੇ ਸਾਉਣ ਮਹੀਨੇ ਦਾ ਭੁਲੇਖਾ ਪਾਉਂਦਾ ਸੀ।ਸਟੇਜ ਨੂੰ ਪੰਜਾਬੀ ਵਿਰਸੇ ਨਾਲ ਸੰਬੰਧਤ ਵਸਤੂਆਂ ਨਾਲ ਬਾਖੂਬੀ ਸ਼ਿੰਗਾਰਿਆ ਗਿਆ ਸੀ। ਬੀਬੀਆਂ ਇਥੇ ਵੱਖ-ਵੱਖ ਪੋਜ਼ ਬਣਾ ਕੇ ਫੋਟੋਆਂ ਖਿਚਵਾਉਂਦੀਆਂ ਰਹੀਆਂ। ਦੁਪਹਿਰ ਨੂੰ ਸ਼ੁਰੂ ਹੋਇਆ ਇਹ ਤੀਆਂ ਦਾ ਮੇਲਾ ਸ਼ਾਮ ਤੱਕ ਚੱਲਿਆ। ਮੇਲੇ ਦੀ ਸਟੇਜ ਸਕੱਤਰ ਸਤਬੀਰ ਕੌਰ (ਸੈਟੀ ਰਾਏ) ਨੇ ਸਭ ਤੋਂ ਪਹਿਲਾਂ ਮੇਲੇ ਦੀ ਪ੍ਰਬੰਧਕ ਨਿਰਮਲਜੀਤ ਪਿੰਕੀ ਰੰਧਾਵਾ ਅਤੇ ਉਨ੍ਹਾਂ ਦੇ ਨਾਲ ਪਰਨੀਤ ਕੌਰ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਆਏ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਖਸ ਨੇ 18,753 ਫੁੱਟ ਉੱਚੀ ਹਿਮਾਲੀਅਨ ਚੱਟਾਨ ਤੋਂ ਕੀਤੀ 'ਸਕੀ ਬੇਸ ਜੰਪ', ਬਣਾਇਆ ਗਿਨੀਜ਼ ਵਰਲਡ ਰਿਕਾਰਡ

ਇਸ ਉਪਰੰਤ ਸ਼ੁਰੂ ਹੋਇਆ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵੱਖ-ਵੱਖ ਵੰਨਗੀਆਂ ਦਾ ਦੌਰ। ਔਰਤਾਂ ਵੱਲੋਂ ਰਲ ਕੇ ਸੁਹਾਗ, ਘੋੜੀਆਂ, ਸਿੱਠਣੀਆਂ ਆਦਿ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਗਿੱਧੇ ਅਤੇ ਗਾਇਕੀ ਨਾਲ ਬਹੁਤ ਸਾਰੇ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਸਟੇਜ ਤੋਂ 100 ਦੇ ਕਰੀਬ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗ ਬੀਬੀਆਂ ਨੇ ਪੇਸ਼ਕਾਰੀ ਕੀਤੀ, ਜੋ ਕਿ ਸਲਾਹੁਣਯੋਗ ਸੀ। ਅਖੀਰ ਵਿਚ ਸਾਰੀ ਬੀਬੀਆਂ ਨੇ ਰਲ ਕੇ ਜਿੱਥੇ ਬੋਲੀਆਂ ਪਾਈਆਂ, ਉਥੇ ਡੀ.ਜੇ. ‘ਤੇ ਨੱਚ ਕੇ ਆਪਣੇ ਚਾਅ ਪੂਰੇ ਕੀਤੇ। ਪ੍ਰਬੰਧਕਾਂ ਵੱਲੋਂ ਹਰੇਕ ਪੇਸ਼ਕਾਰੀ ਕਰਨ ਵਾਲੇ ਕਲਾਕਾਰ ਨੂੰ ਇਨਾਮਾਂ ਅਤੇ ਫੁਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਐਲਕ ਗਰੋਵ ਪਾਰਕ ਤੀਆਂ ਦਾ ਮੇਲਾ ਇਕ ਵਾਰ ਫਿਰ ਆਪਣੀ ਵਿਲੱਖਣ ਪਛਾਣ ਛੱਡ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News