ਪਾਕਿਸਤਾਨ ਦੇ ਪੰਜਾਬ 'ਚ 8 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ, ਹੋਈ ਮੌਤ

07/15/2020 8:13:08 PM

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਪਿੰਡ ਵਿਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਅੱਠ ਸਾਲਾ ਲੜਕੀ ਦੀ ਬੁੱਧਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ।

ਇਸ ਘਟਨਾ ਕਾਰਨ ਸਥਾਨਕ ਨਿਵਾਸੀਆਂ ਵਿਚ ਰੋਸ ਹੈ। ਸਥਾਨਕ ਲੋਕਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਫਾਂਸੀ ਦੇਣ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ।

ਪੁਲਸ ਮੁਤਾਬਕ, ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਸਿਆਲਕੋਟ ਜ਼ਿਲੇ ਵਿਚ ਬਟਰ ਡੋਗਰਾਂ-ਚਾਵਿੰਡਾ ਪਿੰਡ ਵਿਚ ਇਕ ਰਿਕਸ਼ਾ ਚਾਲਕ ਦੀ ਅੱਠ ਸਾਲ ਦੀ ਧੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਜੂਸ ਵਿਚ ਕੁਝ ਨਸ਼ੀਲੀ ਚੀਜ਼ ਮਿਲਾ ਕੇ ਉਸ ਨੂੰ ਦਿੱਤੀ ਅਤੇ ਉਸ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਏ। ਇੱਥੇ ਉਸ ਨਾਲ ਉਨ੍ਹਾਂ ਨੇ ਸਮੂਹਿਕ ਜ਼ਬਰ ਜਨਾਹ ਕੀਤਾ ਅਤੇ ਤਸ਼ੱਦਦ ਦਿੱਤੇ। ਪੁਲਸ ਨੇ ਦੱਸਿਆ ਕਿ ਜਦੋਂ ਸਥਾਨਕ ਵਸਨੀਕ ਲੜਕੀ ਦੀਆਂ ਚੀਕਾਂ ਸੁਣ ਕੇ ਆਏ ਤਾਂ ਸ਼ੱਕੀ ਭੱਜ ਗਏ। ਲੜਕੀ ਨੂੰ ਗੰਭੀਰ ਹਾਲਤ ਵਿਚ ਸਿਆਲਕੋਟ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਾਤਾਰ ਖੂਨ ਵਹਿਣ ਕਾਰਨ ਬੁੱਧਵਾਰ ਉਸ ਦੀ ਮੌਤ ਹੋ ਗਈ।

ਲੜਕੀ ਦੇ ਪਰਿਵਾਰ ਤੇ ਸਥਾਨਕ ਨਿਵਾਸੀਆਂ ਨੇ ਇਸ ਘਟਨਾ ਅਤੇ ਪੁਲਸ ਦੀ ਨਾਕਾਮੀ ਖਿਲਾਫ ਰੋਡ ਜਾਮ ਕੀਤਾ, ਜਦੋਂ ਜ਼ਿਲ੍ਹਾ ਪੁਲਸ ਮੁਖੀ ਮੁਸਤਾਨਸਰ ਫਿਰੋਜ਼ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਤਾਂ ਲੋਕਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ।


Sanjeev

Content Editor

Related News