ਅਫਗਾਨਿਸਤਾਨ : ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ''ਚ 8 ਲੋਕਾਂ ਦੀ ਮੌਤ
Wednesday, Aug 04, 2021 - 04:48 PM (IST)
ਕਾਬੁਲ (ਭਾਸ਼ਾ): ਅਫਗਾਨਸਿਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਹਮਲੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਮੰਤਰੀ ਸੁਰੱਖਿਅਤ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੇੜੇ ਸਥਿਤ ਉੱਚ ਸੁਰੱਖਿਆ ਵਾਲੇ ਇਕ ਇਲਾਕੇ ਵਿਚ ਹੋਇਆ।
ਧਮਾਕੇ ਦੇ ਬਾਅਦ ਹੋਏ ਮੁਕਾਬਲੇ ਵਿਚ ਚਾਰ ਅੱਤਵਾਦੀ ਮਾਰੇ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰਵਾਈਜ ਸਟਾਨੇਕਜਈ ਨੇ ਬੁੱਧਵਾਰ ਨੂੰ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਕ ਬਿਆਨ ਜਾਰੀ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਅੱਤਵਾਦੀ ਸਮੂਹ ਤਾਲਿਬਾਨ ਨੇ ਹਮਲਾ ਤੇਜ਼ ਕਰ ਦਿੱਤਾ ਹੈ ਅਤੇ ਦੇਸ਼ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਵਿਚ ਸੂਬਾਈ ਰਾਜਧਾਨੀਆ 'ਤੇ ਦਬਾਅ ਬਣਾਈ ਰੱਖਿਆ ਹੈ। ਮੁਜਾਹਿਦ ਨੇ ਬਿਆਨ ਵਿਚ ਕਿਹਾ ਕਿ ਹਮਲਾ ਅਫਗਾਨ ਰਾਸ਼ਟਰੀ ਵੱਲੋਂ ਵਿਭਿੰਨ ਸੂਬਿਆਂ ਵਿਚ ਹਾਲ ਵਿਚ ਕੀਤੇ ਗਏ ਹਮਲਿਆਂ ਦਾ ਬਦਲਾ ਲੈਣ ਲਈ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਯੁੱਧ-ਗ੍ਰਸਤ ਸਥਿਤੀ ਦੇ ਬਾਵਜੂਦ 5000 ਅਫਗਾਨ ਨੌਜਵਾਨ ਮਿਲਟਰੀ ਅਕਾਦਮੀ ਪ੍ਰੀਖਿਆ 'ਚ ਸ਼ਾਮਲ
ਸਟਾਨੇਕਜਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾ ਖਾਨ ਮੁਹੰਮਦੀ ਦੇ ਗੈਸਟ ਹਾਊਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਉਹਨਾਂ ਦੀ ਪਾਰਟੀ ਜਮੀਅਤ ਏ ਇਸਲਾਮੀ ਦੇ ਇਕ ਨੇਤਾ ਨੇ ਸੂਚਿਤ ਕੀਤਾ ਕਿ ਘਟਨਾ ਦੇ ਸਮੇਂ ਮੰਤਰੀ ਘਰ ਵਿਚ ਨਹੀਂ ਸਨ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ ਸੀ। ਸਟਾਨੇਕਜਈ ਨੇ ਕਿਹਾ ਕਿ ਪੰਜ ਘੰਟਿਆਂ ਤੱਕ ਚੱਲੇ ਮੁਕਾਬਲੇ ਵਿਚ ਚਾਰ ਹਮਲਾਵਰ ਢੇਰ ਕੀਤੇ ਗਏ। ਉਹਨਾਂ ਨੇ ਕਿਹਾ ਕਿ ਧਮਾਕਾ ਸ਼ੇਰਪੁਰ ਇਲਾਕੇ ਵਿਚ ਹੋਇਆ ਜੋ ਰਾਜਧਾਨੀ ਦੇ ਬਹੁਤ ਸੁਰੱਖਿਅਤ ਇਲਾਕਿਆਂ ਵਿਚੋਂ ਇਕ ਹੈ।ਇੱਥੇ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਰਹਿੰਦੇ ਹਨ। ਘਟਨਾ ਦੇ ਕਈ ਘੰਟਿਆਂ ਬਾਅਦ ਰੱਖਿਆ ਮੰਤਰਾਲੇ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿਚ ਮੁਹੰਮਦੀ ਨੇ ਕਿਹਾ ਕਿ ਆਤਮਘਾਤੀ ਹਮਲੇ ਵਿਚ ਉਹਨਾਂ ਦੇ ਸੁਰੱਖਿਆ ਕਰਮੀ ਜ਼ਖਮ ਹੋ ਗਏ।
ਕਾਬੁਲ ਪੁਲਸ ਪ੍ਰਮੁੱਖ ਦੇ ਬੁਲਾਰੇ ਨੇ ਦੱਸਿਆ ਕਿ ਇਲਾਕੇ ਵਿਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸੁਰੱਖਿਆ ਕਰਮੀਆਂ ਨੇ ਘਟਨਾ ਦੇ ਬਾਅਦ ਘਰ-ਘਰ ਜਾ ਕੇ ਤਲਾਸ਼ੀ ਲਈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਅਫਗਾਨਿਸਤਾਨ ਵਿਚ ਨਾਗਰਿਕਾਂ 'ਤੇ ਕੀਤੇ ਜਾ ਰਹੇ ਹਮਲਿਆਂ ਅਤੇ ਅੱਤਵਾਦ ਦੀਆਂ ਘਟਨਾਵਾਂ ਦੀ ਮੰਗਲਵਾਰ ਨੂੰ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ, ਉੱਥੇ ਤਾਲਿਬਾਨ ਵੱਲੋਂ ਸੱਤਾ ਪਾਉਣ ਦੀਆਂ ਕੋਸ਼ਿਸ਼ਾਂ 'ਤੇ ਵਿਰੋਧ ਜਤਾਇਆ।ਸੁਰੱਖਿਆ ਪਰੀਸ਼ਦ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਅਫਗਾਨ ਸਰਕਾਰ ਅਤੇ ਤਾਲਿਬਾਨ ਨੂੰ ਰਾਜਨੀਤਕ ਹੱਲ ਅਤੇ ਜੰਗਬੰਦੀ ਦੀ ਦਿਸ਼ਾ ਵਿਚ ਤਰੱਕੀ ਲਈ ਸਮਾਵੇਸ਼ੀ ਅਤੇ ਅਫਗਾਨ ਦੀ ਅਗਵਾਈ ਵਾਲੀ ਸ਼ਾਂਤੀ ਪ੍ਰਕਿਰਿਆ ਵਿਚ ਮਿਲ ਕੇ ਸਾਰਥਕ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।