ਮਿਸਰ: ਫੌਜ ਦੇ ਆਪ੍ਰੇਸ਼ਨਾਂ ''ਚ 20 ਜਿਹਾਦੀ ਹਲਾਕ
Wednesday, Aug 29, 2018 - 08:37 PM (IST)

ਕਾਇਰੋ— ਮਿਸਰ ਦੀ ਫੌਜ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਪੱਛਮੀ ਇਲਾਕੇ ਤੇ ਸਿਨਾਈ ਪੈਨਿਨਸੁਲਾ 'ਚ ਫੌਜੀ ਆਪ੍ਰੇਸ਼ਨਾਂ 'ਚ 20 ਜਿਹਾਦੀਆਂ ਨੂੰ ਸੁਰੱਖਿਆ ਬਲਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਮਿਸਰ ਦੀ ਫੌਜ ਫਰਵਰੀ ਮਹੀਨੇ ਤੋਂ ਸਿਨਾਈ 'ਚ ਇਸਲਾਮਿਕ ਸਟੇਟ ਸਣੇ ਹੋਰ ਕਈ ਖਤਰਨਾਤ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਤੇ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਚਲਾ ਰਹੀ ਹੈ।
ਮਿਸਰ ਦੀ ਫੌਜ ਨੇ ਆਪਣੇ ਬਿਆਨ 'ਚ ਕਿਹਾ ਕਿ ਫੌਜ ਨੇ ਬੀਤੇ ਕੁਝ ਦਿਨਾਂ 'ਚ ਸੁਰੱਖਿਆ ਬਲਾਂ ਵਲੋਂ ਲੀਬੀਆ ਸਰਹੱਦ ਨੇੜੇ ਚਲਾਏ ਅਭਿਆਨਾਂ 'ਚ 7 ਬਹੁਤ ਖਤਰਨਾਕ ਜਿਹਾਦੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਬਿਆਨ 'ਚ ਇਹ ਵੀ ਕਿਹਾ ਗਿਆ ਕਿ 13 ਹੋਰ ਅੱਤਵਾਦੀਆਂ ਨੂੰ ਸਰਕਾਰੀ ਫੌਜਾਂ ਵਲੋਂ ਛਾਪੇਮਾਰੀ ਦੌਰਾਨ ਮੱਧ ਤੇ ਉੱਤਰੀ ਸਿਨਾਈ 'ਚ ਢੇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 18 ਲੋੜੀਂਦੇ ਅੱਤਵਾਦੀਆਂ ਨੂੰ ਛਾਪੇਮਾਰੀਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਫੌਜ ਨੇ ਕਿਹਾ ਕਿ ਅੱਤਵਾਦੀ ਦੇਸ਼ 'ਚ ਕਿਸੇ ਵੀ ਥਾਂ ਲੁਕੇ ਹੋ ਸਕਦੇ ਹਨ। 'ਸਿਨਾਈ 2018' ਆਪ੍ਰੇਸ਼ਨ ਦੇ ਤਹਿਤ ਅਜੇ ਤੱਕ 300 ਦੇ ਕਰੀਬ ਜਿਹਾਦੀਆਂ ਨੂੰ ਢੇਰ ਕੀਤਾ ਗਿਆ ਹੈ ਤੇ ਇਸ ਦੌਰਾਨ 35 ਸੁਰੱਖਿਆ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ।