ਮਿਸਰ ''ਚ ਮਿਲਿਆ 3000 ਸਾਲ ਪੁਰਾਣਾ ''ਸੋਨੇ ਦਾ ਸ਼ਹਿਰ'',ਪਹਿਲਾ ਵੀਡੀਓ ਆਇਆ ਸਾਹਮਣੇ

Monday, Apr 12, 2021 - 06:13 PM (IST)

ਮਿਸਰ ''ਚ ਮਿਲਿਆ 3000 ਸਾਲ ਪੁਰਾਣਾ ''ਸੋਨੇ ਦਾ ਸ਼ਹਿਰ'',ਪਹਿਲਾ ਵੀਡੀਓ ਆਇਆ ਸਾਹਮਣੇ

ਕਾਹਿਰਾ (ਬਿਊਰੋ): ਮਿਸਰ ਵਿਚ ਮਿਲੇ 3 ਹਜ਼ਾਰ ਸਾਲ ਪੁਰਾਣੇ ਅਦਭੁੱਤ ਸ਼ਹਿਰ ਦੀ ਚਰਚਾ ਪੂਰੀ ਦੁਨੀਆ ਵਿਚ ਹੈ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਮਿਸਰ ਦੇ ਇਸ 'ਸਭ ਤੋਂ ਵੱਡੇ' ਪ੍ਰਾਚੀਨ ਸ਼ਹਿਰ ਦੇ ਅਵਸ਼ੇਸ਼ਾਂ ਨੂੰ ਦੇਖ ਦੇ ਅਜਿਹਾ ਲੱਗਦਾ ਹੈ ਕਿ ਜਿਵੇਂ ਹਾਲੇ ਕੱਲ੍ਹ ਹੀ ਇਹਨਾਂ ਨੂੰ ਬਣਾਇਆ ਗਿਆ ਹੋਵੇ। ਇਸ ਸ਼ਹਿਰ ਨੂੰ 'ਪ੍ਰਾਚੀਨ ਮਿਸਰ ਦਾ ਪੋਂਪੇਈ' ਵੀ ਕਿਹਾ ਜਾ ਰਿਹਾ ਹੈ। ਲਕਜਰ ਸ਼ਹਿਰ ਦੀ ਰੇਤ ਦੇ ਹੇਠਾਂ ਇਸ ਕਰੀਬ 3400 ਸਾਲ ਪੁਰਾਣੇ ਸ਼ਹਿਰ ਦੇ ਮਿਲਣ ਦੀ ਘੋਸ਼ਣਾ ਮਿਸਰ ਦੇ ਮਸ਼ਹੂਰ ਪੁਰਾਤੱਤਵ ਵਿਗਿਆਨੀ ਜਹੀ ਹਵਾਸ ਨੇ ਪਿਛਲੇ ਹਫ਼ਤੇ ਕੀਤੀ ਸੀ। ਹੁਣ ਇਸ 'ਸੋਨੇ ਦੇ ਸ਼ਹਿਰ' ਦਾ ਪਹਿਲਾ ਵੀਡੀਓ ਦੁਨੀਆ ਸਾਹਮਣੇ ਆ ਗਿਆ ਹੈ।

ਕਈ ਮਾਹਰਾਂ ਦਾ ਕਹਿਣਾ ਹੈ ਕਿ ਮਿਸਰ ਦਾ ਇਹ ਸ਼ਹਿਰ ਸਾਲ 1922 ਵਿਚ ਤੂਤਨਖਾਮੂਨ ਦੇ ਮਕਬਰੇ ਦੀ ਖੋਜ ਦੇ ਬਾਅਦ ਸਭ ਤੋਂ ਵੱਡੀ ਖੋਜ ਹੈ। ਕਰੀਬ 7 ਮਹੀਨੇ ਦੀ ਖੋਦਾਈ ਦੇ ਬਾਅਦ ਇਸ ਸ਼ਹਿਰ ਦਾ ਪਤਾ ਚੱਲਿਆ ਹੈ। ਇਸ ਸ਼ਹਿਰ ਵਿਚ ਹਾਲੇ ਅਗਲੇ ਕਈ ਸਾਲ ਤੱਕ ਆਮ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੌਰਾਨ ਯੂ-ਟਿਊਬ ਚੈਨਲ Anyextee ਦੇ ਸੰਚਾਲਕਾਂ ਨੇ ਇਸ ਪੂਰੇ ਸ਼ਹਿਰ ਦਾ ਵੀਡੀਓ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਫੁਟੇਜ ਉਹਨਾਂ ਦੇ ਕੋਲ ਐਕਸਕਲੁਸਿਵ ਹੈ ਅਤੇ ਹੁਣ ਤੱਕ ਨਹੀਂ ਦੇਖੇ ਗਏ ਹਨ।

 

ਮਸ਼ਹੂਰ ਮਿਸਰ ਮਾਹਰ ਜਾਹੀ ਹਵਾਸ ਨੇ ਐਲਾਨ ਕੀਤਾ ਹੈ ਕਿ 'ਗਵਾਚੇ ਹੋਏ ਸੁਨਹਿਰੇ ਸ਼ਹਿਰ' ਦੀ ਖੋਜ ਲਗਜਰ ਦੇ ਕਰੀਬ ਕੀਤੀ ਗਈ ਹੈ। ਇੱਥੇ ਰਾਜਿਆਂ ਦੀ ਘਾਟੀ ਸਥਿਤ ਹੈ।ਟੀਮ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਡਾਕਟਰ ਜਾਹੀ ਦੀ ਸਰਪ੍ਰਸਤੀ ਹੇਠ ਮਿਸਰ ਦੇ ਮਿਸ਼ਨ ਵਿਚ ਇਕ ਸ਼ਹਿਰ ਮਿਲਿਆ ਹੈ ਜੋ ਰੇਤ ਹੇਠਾਂ ਦੱਬਿਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹਿਰ 3000 ਹਜ਼ਾਰ ਸਾਲ ਪੁਰਾਣਾ ਹੈ। ਐਮੇਨੋਟੋਪ III ਦੀ ਮੋਹਰ ਲੱਗੀਆਂ ਮਿੱਟੀ ਦੀਆਂ ਇੱਟਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਕਈ ਵਾਰ ਇਸ ਸ਼ਹਿਰ ਦੀ ਖੋਜ ਕੀਤੀ ਗਈ ਸੀ ਪਰ ਇਸ ਨੂੰ ਕੋਈ ਲੱਭ ਨਹੀਂ ਸਕਿਆ ਸੀ। ਆਸ ਜਤਾਈ ਗਈ ਹੈ ਕਿ ਅੱਗੇ ਦੀ ਖੋਜ ਵਿਚ ਕਈ ਖਜ਼ਾਨੇ ਮਿਲ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਪੁਤਿਨ ਨੇ ਇਮਰਾਨ ਨੂੰ ਭੇਜਿਆ ਦੋਸਤੀ ਦਾ ਸੰਦੇਸ਼, ਭਾਰਤ ਲਈ ਖ਼ਤਰੇ ਦੀ ਘੰਟੀ

ਅਮੀਰੀ ਦਾ ਗਵਾਹ
ਇਸ ਟੀਮ ਨੇ ਪਿਛਲੇ ਸਾਲ ਸਤੰਬਰ ਵਿਚ ਖੋਜ ਸ਼ੁਰੂ ਕੀਤੀ ਸੀ। ਲਗਜਰ ਨੇੜੇ ਰਾਮਸੇਸ III ਅਤੇ ਐਮੇਨਟੌਪ III ਦੇ ਮੰਦਰਾਂ ਵਿਚ ਕਾਹਿਰਾ ਤੋਂ 500 ਕਿਲੋਮੀਟਰ ਦੂਰ ਖੋਜ ਕੀਤੀ ਗਈ। ਕੁਝ ਹੀ ਹਫ਼ਤਿਆਂ ਵਿਚ ਉਹਨਾਂ ਨੂੰ ਸਾਰੀਆਂ ਥਾਵਾਂ 'ਤੇ ਮਿੱਟੀ ਦੀਆਂ ਬਣੀਆਂ ਆਕ੍ਰਿਤੀਆਂ ਮਿਲਣ ਲੱਗੀਆਂ। ਖੋਦਾਈ ਵਿਚ ਇਕ ਵਿਸ਼ਾਲ ਸ਼ਹਿਰ ਨਿਕਲਿਆ ਜੋ ਕਾਫੀ ਚੰਗੀ ਹਾਲਤ ਵਿਚ ਸੁਰੱਖਿਅਤ ਸੀ। ਕਰੀਬ-ਕਰੀਬ ਪੂਰੀਆਂ ਬਣੀਆਂ ਕੰਧਾਂ ਅਤੇ ਰੋਜ਼ਾਨਾ ਦੇ ਸਾਮਾਨ ਨਾਲ ਭਰੇ ਕਮਰੇ ਤੱਕ ਪਾਏ ਗਏ। ਟੀਮ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਇਲਾਕਾ ਹਜ਼ਾਰਾਂ ਸਾਲ ਬਾਅਦ ਇੰਝ ਮਿਲਿਆ ਹੈ ਜਿਵੇਂ ਕੱਲ੍ਹ ਹੀ ਬਣਿਆ ਹੋਵੇ।

 

ਸੱਤ ਮਹੀਨੇ ਬਾਅਦ ਕਈ ਇਲਾਕਿਆਂ ਨੂੰ ਖੋਜ ਲਿਆ ਗਿਆ ਸੀ। ਇਸ ਵਿਚ ਓਵਨ ਨਾਲ ਬੇਕਰੀ ਅਤੇ ਬਰਤਨਾਂ ਦਾ ਸਟੋਰ ਵੀ ਮਿਲਿਆ। ਇੱਥੋਂ ਤੱਕ ਕਿ ਪ੍ਰਬੰਧਕੀ ਅਤੇ ਰਿਹਾਇਸ਼ੀ ਜ਼ਿਲ੍ਹੇ ਵੀ ਮਿਲੇ। ਐਮੇਨਟੌਪ III ਨੇ ਵਿਰਾਸਤ ਵਿਚ ਅਜਿਹਾ ਸਾਮਰਾਜ ਪਾਇਆ ਸੀ ਜੋ ਯੂਫਰੇਟਸ ਤੋਂ ਸੂਡਾਨ ਤੱਕ ਫੈਲਿਆ ਸੀ। ਉਸ ਦੀ ਮੌਤ 1354 ਈਸਾ ਪੂਰਬ ਵਿਚ ਹੋਈ। ਉਸ ਨੇ ਚਾਰ ਦਹਾਕਿਆ ਤੱਕ ਰਾਜ ਕੀਤਾ। ਇਸ ਕਾਲ ਨੂੰ ਖੁਸ਼ਹਾਲ ਅਤੇ ਸ਼ਾਨਦਾਰ ਇਮਾਰਤਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਵਿਚ ਲਗਜ਼ਰ ਵਿਚ ਲੱਗੀ ਉਸ ਦੀ ਅਤੇ ਉਸ ਦੀ ਰਾਣੀ ਦੀਆਂ ਵੱਡੀਆਂ ਮੂਰਤੀਆਂ ਸ਼ਾਮਲ ਹਨ। ਬ੍ਰਯਾਨ ਨੇ ਦੱਸਿਆ ਕਿ ਇਸ ਖੋਜ ਤੋਂ ਪ੍ਰਾਚੀਨ ਮਿਸਰ ਦੇ ਸਭ ਤੋਂ ਅਮੀਰ ਕਾਲ ਨੂੰ ਜਾਣਿਆ ਜਾ ਸਕੇਗਾ।

ਨੋਟ- ਮਿਸਰ 'ਚ ਮਿਲਿਆ 3000 ਸਾਲ ਪੁਰਾਣਾ 'ਸੋਨੇ ਦਾ ਸ਼ਹਿਰ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News