UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

Monday, Sep 25, 2023 - 11:00 AM (IST)

UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਲੰਡਨ (ਵਿਸ਼ੇਸ਼)- ਬਰਤਾਨੀਆ ’ਚ ਮੰਦੀ ਦਾ ਖਦਸ਼ਾ ਡੂੰਘਾ ਹੋਣ ਦਰਮਿਆਨ ਨਿੱਜੀ ਸੈਕਟਰ ਦੀਆਂ ਕੰਪਨੀਆਂ ਨੇ ਤੇਜ਼ੀ ਨਾਲ ਸਟਾਫ ’ਚ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ। 2020 ’ਚ ਕੋਰੋਨਾ ਮਹਾਮਾਰੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਯੂ. ਕੇ. ਦੇ ਪ੍ਰਾਈਵੇਟ ਸੈਕਟਰ ਨੂੰ ਵੱਡੇ ਪੱਧਰ ’ਤੇ ਵਰਕਰਾਂ ਦੀ ਛਾਂਟੀ ਕਰਨੀ ਪੈ ਰਹੀ ਹੈ। ਦੱਸ ਦੇਈਏ ਕਿ ਬੈਂਕ ਆਫ ਇੰਗਲੈਂਡ ਨੇ ਹਾਲ ਹੀ ’ਚ ਵਿਆਜ ਦਰਾਂ ’ਚ ਕੀਤੇ ਜਾ ਰਹੇ ਵਾਧੇ ’ਤੇ ਪਹਿਲੀ ਵਾਰ ਬ੍ਰੇਕ ਲਾਈ ਸੀ। ਇਹ ਵੀ ਇੰਗਲੈਂਡ ’ਚ ਡੂੰਘੇ ਹੋ ਰਹੇ ਵਿੱਤੀ ਸੰਕਟ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ

 ਇਸ ਦੌਰਾਨ ਐੱਸ. ਐਂਡ ਪੀ. ਗਲੋਬਲ ਕੰਪੋਜ਼ਿਟ ਪਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਸਤੰਬਰ ’ਚ ਲੁੜਕ ਕੇ 46.8 ’ਤੇ ਪਹੁੰਚ ਗਿਆ ਹੈ। ਇਹ ਪਿਛਲੇ ਮਹੀਨ 48.6 ’ਤੇ ਸੀ। ਜਨਵਰੀ, 2021 ਤੋਂ ਬਾਅਦ ਇਸ ’ਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਪਿਛਲੀ ਵਾਰ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਕਾਰਨ ਇਸ ਤਰ੍ਹਾਂ ਦੇ ਹਾਲਾਤ ਬਣੇ ਸਨ। ਹਾਲਾਂਕਿ ਆਰਥਿਕ ਮਾਹਰ ਬਰਤਾਨੀਆ ਦੀ ਅਰਥਵਿਵਸਥਾ ’ਚ ਬਿਹਤਰੀ ਦੀ ਆਸ ਕਰ ਰਹੇ ਸਨ ਪਰ ਇਨ੍ਹਾਂ ਉਮੀਦਾਂ ਦੇ ਉਲਟ ਯੂ. ਕੇ. ਦਾ ਪ੍ਰਾਈਵੇਟ ਸੈਕਟਰ ਡੂੰਘੇ ਸੰਕਟ ’ਚ ਧੱਸਦਾ ਜਾ ਰਿਹਾ ਹੈ। ਯੂ. ਕੇ. ਦੀ ਆਰਥਿਕਤਾ ਨੂੰ ਲੈ ਕੇ ਇਹ ਸਰਵੇ ਬੈਂਕ ਆਫ ਇੰਗਲੈਂਡ ਵੱਲੋਂ ਵਿਆਜ ਦਰਾਂ ’ਚ ਵਾਧੇ ’ਤੇ ਰੋਕ ਲਾਉਣ ਪਿੱਛੋਂ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

ਇੰਗਲੈਂਡ ’ਚ ਵਿਆਜ ਦਰਾਂ 5.25 ਫ਼ੀਸਦੀ ਪੁੱਜਣ ਕਾਰਨ ਪਹਿਲਾਂ ਤੋਂ ਹੀ ਆਰਥਿਕ ਮੰਦੀ ਡੂੰਘੀ ਹੋਣ ਦੇ ਸੰਕੇਤ ਮਿਲ ਰਹੇ ਸਨ। ਬੈਂਕ ਆਫ ਇੰਗੈਲਂਡ ਨੇ ਅੰਦਰੂਨੀ ਪੱਧਰ ’ਤੇ ਮਿਲ ਰਹੇ ਅਰਥਵਿਵਸਥਾਵਾਂ ਦੇ ਸੰਕੇਤਾਂ ਤੋਂ ਬਾਅਦ ਹੀ ਵਿਆਜ ਦਰਾਂ ’ਚ ਵਾਧੇ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਸੀ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕਰਜ਼ੇ ਦੀ ਦਰ ਵਧਣ ਅਤੇ ਲੋਨ ਮਹਿੰਗਾ ਹੋਣ ਕਾਰਨ ਬੈਂਕ ਆਫ ਇੰਗਲੈਂਡ ਨੇ ਇਹ ਫ਼ੈਸਲਾ ਲਿਆ। ਸਤੰਬਰ ਮਹੀਨੇ ’ਚ ਪੀ. ਐੱਮ. ਆਈ. ਦੇ ਸੰਕੇਤਾਂ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਦੀ ਦੂਜੀ ਛਿਮਾਹੀ ’ਚ ਵੀ ਯੂ. ਕੇ. ਦੀ ਅਰਥਵਿਵਸਥਾ ਕਾਫ਼ੀ ਕਮਜ਼ੋਰ ਲੱਗ ਰਹੀ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਰਿਟੇਲ ਸੈੱਲ ਦੇ ਆਏ ਅਗਸਤ ਮਹੀਨੇ ਦੇ ਅੰਕੜਿਆਂ ਨੂੰ ਦੇਖ ਕੇ ਕੁਝ ਰਾਹਤ ਦੀ ਆਸ ਨਜ਼ਰ ਆ ਰਹੀ ਹੈ ਪਰ ਜੇਕਰ ਸਤੰਬਰ ’ਚ ਇਸ ’ਚ ਬਹੁਤ ਵੱਧ ਤੇਜ਼ੀ ਨਹੀਂ ਆਉਂਦੀ ਹੈ ਤਾਂ ਇਸ ਦਾ ਅਸਰ ਤੀਜੀ ਤਿਮਾਹੀ ਦੇ ਜੀ. ਡੀ. ਪੀ. ਦੇ ਅੰਕੜਿਆਂ ’ਤੇ ਪਵੇਗਾ। ਐੱਸ. ਐਂਡ ਪੀ. ਨੇ ਆਪਣੀ ਰਿਪੋਰਟ ’ਚ ਇਹ ਵੀ ਕਿਹਾ ਹੈ ਕਿ ਅਕਤੂਬਰ, 2009 ਤੋਂ ਬਾਅਦ ਇੰਗਲੈਂਡ ’ਚ ਨੌਕਰੀਆਂ ’ਚ ਸਭ ਤੋਂ ਵੱਧ ਕਟੌਤੀ ਹੋ ਰਹੀ ਹੈ। ਦੱਸਣਯੋਗ ਹੈ ਕਿ ਯੂ. ਕੇ. ’ਚ ਜਨਵਰੀ, 2025 ’ਚ ਚੋਣਾਂ ਹੋਣੀਆਂ ਹਨ ਅਤੇ ਚੋਣਾਂ ਤੋਂ ਲਗਭਗ ਸਵਾ ਸਾਲ ਪਹਿਲਾਂ ਅਰਥਵਿਵਸਥਾ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਲਈ ਚਿੰਤਾ ਦੀ ਗੱਲ ਹੈ, ਕਿਉਂਕਿ ਉਹ ਹਾਲ ਹੀ ’ਚ ਆਏ ਯੂ. ਕੇ. ਦੇ ਸਿਆਸੀ ਸਰਵੇ ’ਚ ਪ੍ਰਧਾਨ ਮੰਤਰੀ ਦੀ ਦੌੜ ’ਚ ਪੱਛੜਦੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਹਾਲਾਂਕਿ ਇੰਗਲੈਂਡ ਦੀ ਸਰਕਾਰ ਨੂੰ ਆਸ ਹੈ ਕਿ ਵੋਟਰਾਂ ਦੀ ਪੋਲਿੰਗ ’ਚ ਜਾਣ ਤੋਂ ਪਹਿਲਾਂ ਅਰਥਵਿਵਸਥਾ ਦੇ ਸੰਕਟ ਦਾ ਹੱਲ ਮਿਲ ਜਾਵੇਗਾ। ਪੀ. ਐੱਮ. ਆਈ. ਦੇ ਅੰਕੜੇ ਤੋਂ ਲਗਾਤਾਰ ਦੂਜੇ ਮਹੀਨੇ ਜੀ. ਡੀ. ਪੀ. ਦੇ ਅੰਕੜਿਆਂ ’ਚ ਗਿਰਾਵਟ ਦੇ ਸੰਕੇਤ ਮਿਲ ਰਹੇ ਹਨ ਅਤੇ ਅਜਿਹਾ ਯੂ. ਕੇ. ਦੇ ਸਰਵਿਸ ਸੈਕਟਰ ਦੀ ਗ੍ਰੋਥ ਘੱਟ ਹੋਣ ਨਾਲ ਹੋ ਰਿਹਾ ਹੈ। ਸਰਵਿਸ ਸੈਕਟਰ ਯੂ. ਕੇ. ਦਾ ਸਭ ਤੋਂ ਵੱਡਾ ਸੈਕਟਰ ਹੈ ਅਤੇ ਇਸ ਦੇ ਪ੍ਰਦਰਸ਼ਨ ਦਾ ਅਰਥਵਿਵਸਥਾ ’ਤੇ ਵੱਡਾ ਅਸਰ ਪੈਂਦਾ ਹੈ। ਕੰਪਨੀਆਂ ’ਚ ਕੰਮ ਕਰਨ ਵਾਲੇ ਵਰਕਰਾਂ ਤੋਂ ਇਲਾਵਾ ਲੇਬਰ ਮਾਰਕੀਟ ’ਚ ਵੀ ਭਰੋਸੇ ਦੀ ਕਮੀ ਨਜ਼ਰ ਆ ਰਹੀ ਹੈ ਅਤੇ ਇਸੇ ਕਾਰਨ ਬੈਂਕ ਆਫ ਇੰਗਲੈਂਡ ਨੂੰ ਵਧਦੀ ਮਹਿੰਗਾਈ ਅਤੇ ਅਰਥਵਿਵਸਥਾ ਦੇ ਸੰਕਟ ਨਾਲ ਨਜਿੱਠਣ ’ਚ ਪ੍ਰੇਸ਼ਾਨੀ ਹੋ ਰਹੀ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News