ਇੰਡੋਨੇਸ਼ੀਆ ''ਚ ਜ਼ਬਰਦਸਤ ਭੂਚਾਲ ਦੇ ਝਟਕੇ, ਇਕ ਦੀ ਮੌਤ
Saturday, Apr 10, 2021 - 06:52 PM (IST)
ਮਲੰਗ-ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਆਏ ਜ਼ਬਰਦਸਤ ਭੂਚਾਲ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਇਮਾਰਤਾਂ ਨੁਕਸਾਨੀਆਂ ਗਈਆਂ ਜਦਕਿ ਇਸ ਦੇ ਝਟਕੇ ਸੈਰ-ਸਪਾਟੇ ਕੇਂਦਰ ਬਾਲੀ 'ਚ ਵੀ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਹਾਲਾਂਕਿ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 2 ਵਜੇ ਆਏ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਇਸ ਦਾ ਕੇਂਦਰ ਪੂਰਬੀ ਜਾਵਾ ਸੂਬੇ 'ਚ ਮਲੰਗ ਜ਼ਿਲੇ ਦੇ ਸੁੰਬਰਪੁਕੰਗ ਸ਼ਹਿਰ ਤੋਂ 45 ਕਿਲੋਮੀਟਰ ਦੱਖਣ 'ਚ 82 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ।
ਇਹ ਵੀ ਪੜ੍ਹੋ-ਦਿਮਾਗ 'ਚ ਸੁਪਰ ਚਿੱਪ ਲਾਉਂਦੇ ਹੀ ਬਾਂਦਰ ਖੇਡਣ ਲੱਗ ਪਿਆ ਵੀਡੀਓ ਗੇਮ
ਇੰਡੋਨੇਸ਼ੀਆ ਦੇ ਭੂਚਾਲ ਅਤੇ ਸੁਨਾਮੀ ਕੇਂਦਰ ਦੇ ਮੁਖੀ ਰਹਿਮਤ ਨੇ ਇਕ ਬਿਆਨ 'ਚ ਦੱਸਿਆ ਕਿ ਭੂਚਾਲ ਦਾ ਕੇਂਦਰ ਸਮੁੰਦਰ ਦੇ ਅੰਦਰ ਸਥਿਤ ਸੀ ਪਰ ਭੂਚਾਲ ਦੇ ਝਟਕਿਆਂ 'ਚ ਸੁਨਾਮੀ ਪੈਦਾ ਹੋਣ ਦੀ ਸਮਰਥਾ ਨਹੀਂ ਸੀ। ਪੂਰਬੀ ਜਾਵਾ ਦੇ ਲੁਮਾਜੈਂਗ ਜ਼ਿਲੇ 'ਚ ਚੱਟਾਨਾਂ ਦੇ ਡਿੱਗਣ ਕਾਰਣ ਮੋਟਰਸਾਈਕਲ ਸਵਾਰ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਜ਼ਿਲੇ 'ਚ ਕਈ ਮਕਾਨ ਵੀ ਨੁਕਸਾਨੇ ਗਏ ਹਨ। ਸਥਾਨਕ ਟੈਲੀਵਿਜ਼ਨ ਦੀਆਂ ਖਬਰਾਂ 'ਚ ਪੂਰਬੀ ਸੂਬੇ ਦੇ ਕਈ ਸ਼ਹਿਰਾਂ 'ਚ ਮਾਲ ਅਤੇ ਇਮਾਰਤਾਂ 'ਚੋਂ ਲੋਕ ਨੂੰ ਦਹਿਸ਼ਤ 'ਚ ਭੱਜਦੇ ਹੋਏ ਦਿਖਾਇਆ ਗਿਆ।
ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9150 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।