ਸਵੇਰੇ-ਸਵੇਰੇ 6.2 ਦੇ ਭੂਚਾਲ ਨਾਲ ਕੰਬ ਗਈ ਧਰਤੀ ! ਸ਼ਿਮਾਨੇ ''ਚ ਮਹਿਸੂਸ ਹੋਏ ਤੇਜ਼ ਝਟਕੇ
Tuesday, Jan 06, 2026 - 09:19 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਦੱਖਣੀ-ਪੱਛਮੀ ਏਸ਼ੀਆ 'ਚ ਚੀਨ ਤੇ ਤਾਈਵਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਮੰਗਲਵਾਰ ਨੂੰ ਪੱਛਮੀ ਜਾਪਾਨ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਧਰਤੀ ਬੁਰੀ ਤਰ੍ਹਾਂ ਕੰਬ ਗਈ। ਹਾਲਾਂਕਿ ਇਸ ਭੂਚਾਲ ਮਗਰੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਚਾਲ ਦੀ ਤੀਬਰਤਾ 6.2 ਰਹੀ ਅਤੇ ਇਹ ਉੱਤਰ-ਪੱਛਮੀ ਜਾਪਾਨ ਦੇ ਸ਼ਿਮਾਨੇ ਪ੍ਰੀਫੈਕਚਰ ਵਿੱਚ ਆਇਆ। ਭੂਚਾਲ ਦਾ ਸਭ ਤੋਂ ਵੱਧ ਅਸਰ ਸੂਬਾਈ ਰਾਜਧਾਨੀ ਮੈਟਸੂ ਅਤੇ ਟੋਟੋਰੀ ਪ੍ਰੀਫੈਕਚਰ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ ਮਹਿਸੂਸ ਕੀਤਾ ਗਿਆ।
ਏਜੰਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਲਗਭਗ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਸੀ ਤੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਜਾਪਾਨ ਪ੍ਰਸ਼ਾਂਤ ਰਿੰਗ ਆਫ਼ ਫਾਇਰ 'ਤੇ ਸਥਿਤ ਹੈ, ਜੋ ਕਿ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਸੰਭਾਵਿਤ ਖੇਤਰਾਂ ਵਿੱਚੋਂ ਇੱਕ ਹੈ।
