ਮਿਆਂਮਾਰ ’ਚ ਭੂਚਾਲ ਕਾਰਨ ਕਈ ਘਰਾਂ ਤੇ ਮੰਦਰਾਂ ਨੂੰ ਪੁੱਜਾ ਨੁਕਸਾਨ
Monday, Sep 02, 2019 - 11:22 AM (IST)

ਯਾਂਗੂਨ— ਮਿਆਂਮਾਰ ਦੇ ਸਾਗਾਇੰਗ ਖੇਤਰ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ। ਮਿਆਂਮਾਰ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਰਾਤ ਆਏ ਇਸ ਭੂਚਾਲ ਦਾ ਕੇਂਦਰ ਸਾਗਾਇੰਗ ਖੇਤਰ ਦੇ ਸ਼ਵੇਬੋ ਸ਼ਹਿਰ ਤੋਂ 22.5 ਕਿਲੋਮੀਟਰ ਦੂਰ ਸੀ ਅਤੇ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.0 ਮਾਪੀ ਗਈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਮੰਦਰਾਂ, ਮੱਠਾਂ ਅਤੇ ਸਕੂਲ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਪਰ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਸ਼ਵੇਬੋ ਸ਼ਹਿਰ ’ਚ ਭੂਚਾਲ ਕਾਰਨ ਇਕ ਮੰਦਰ, ਸਰਕਾਰੀ ਇਮਾਰਤ ਅਤੇ ਕੁੱਝ ਧਾਰਮਿਕ ਇਮਾਰਤਾਂ ਨੁਕਸਾਨੀਆਂ ਗਈਆਂ ਜਦਕਿ ਯੂ ਸ਼ਹਿਰ ’ਚ 3 ਮੰਦਰਾਂ ਸਮੇਤ ਦੋ ਮੰਜ਼ਲਾ ਇਕ ਮਕਾਨ ਦੀ ਕੰਧ ਢਹਿ ਗਈ। ਖਿਨ ਯੂ ਸ਼ਹਿਰ ’ਚ ਭੂਚਾਲ ਕਾਰਨ 35 ਮੰਦਰਾਂ, 11 ਮੱਠਾਂ, 8 ਸਕੂਲਾਂ, ਇਕ ਮਸਜਿਦ, ਇਕ ਪਿੰਡ ਪ੍ਰਸ਼ਾਸਨ ਦਫਤਰ ਅਤੇ 5 ਘਰ ਨੁਕਸਾਨੇ ਗਏ। ਭੂਚਾਲ ਦਾ ਅਸਰ ਮੰਡਾਲ ਖੇਤਰ ਕਈ ਸ਼ਹਿਰਾਂ ਦੇ ਨਾਲ-ਨਾਲ ਸਾਗਾਇੰਗ ਖੇਤਰ ਦੇ ਮੋਨਆਵਾ ਅਤੇ ਚੌਂਗ ਓ ਸ਼ਹਿਰਾਂ ’ਚ ਵੀ ਦੇਖਿਆ ਗਿਆ। ਭੂਚਾਲ ਪ੍ਰਭਾਵਿਤ ਖੇਤਰਾਂ ’ਚ ਰਾਹਤ ਤੇ ਬਚਾਅ ਕਾਰਜ ਜਾਰੀ ਹੈ।