ਦੁਬਈ ਦੀ ਹਵਾਈ ਜਹਾਜ਼ ਕੰਪਨੀ ਨੇ ਰੱਦ ਉਡਾਣਾਂ ਦੇ 500 ਕਰੋੜ ਦਿਰਹਾਮ ਕੀਤੇ ਰੀਫੰਡ
Monday, Sep 07, 2020 - 03:57 PM (IST)
ਦੁਬਈ, (ਏਜੰਸੀ)- ਕੋਰੋਨਾ ਕਾਲ ਵਿਚ ਜਿੱਥੇ ਵਿਸ਼ਵਭਰ ਵਿਚ ਏਅਰਲਾਈਨਾਂ ਨੂੰ ਰੱਦ ਹੋਈਆਂ ਉਡਾਣਾਂ ਦੇ ਪੈਸੇ ਵਾਪਸ ਕਰਨੇ ਮੁਸ਼ਕਲ ਹੋ ਰਹੇ ਹਨ, ਉੱਥੇ ਹੀ ਇਸ ਵਿਚਕਾਰ ਦੁਬਈ ਦੀ ਇਕ ਏਅਰਲਾਈਨ ਨੇ ਆਪਣੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਦੁਬਈ ਦੀ ਏਅਰਲਾਈਨ ਅਮੀਰਾਤ ਨੇ ਆਪਣੇ ਯਾਤਰੀਆਂ ਨੂੰ 500 ਕਰੋੜ ਦਿਰਹਾਮ ਰੀਫੰਡ ਕਰ ਦਿੱਤੇ ਹਨ। ਮਾਰਚ ਤੋਂ ਹੁਣ ਤੱਕ ਅਮੀਰਾਤ ਏਅਰਲਾਈਨ ਨੂੰ 14 ਲੱਖ ਰੀਫੰਡ ਦੀਆਂ ਬੇਨਤੀਆਂ ਮਿਲੀਆਂ ਸਨ ਅਤੇ ਕੰਪਨੀ ਹੁਣ ਤੱਕ 90 ਫੀਸਦੀ ਰੀਫੰਡ ਕਰ ਚੁੱਕੀ ਹੈ।
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਗੂ ਤਾਲਾਬੰਦੀ ਤੇ ਹੋਰ ਪਾਬੰਦੀਆਂ ਕਾਰਨ ਕੌਮਾਂਤਰੀ ਉਡਾਣਾਂ 'ਤੇ ਸਿੱਧਾ ਪ੍ਰਭਾਵ ਪਿਆ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਤਾਂ ਕਰਵਾਈਆਂ ਪਰ ਉਹ ਸਫਰ ਨਾ ਕਰ ਸਕੇ। ਅਜਿਹੇ ਵਿਚ ਕੁਝ ਏਅਰਲਾਈਨਜ਼ ਹੀ ਟਿਕਟਾਂ ਦੇ ਪੈਸੇ ਰੀਫੰਡ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ।
ਏਅਰਲਾਈਨਜ਼ ਵਲੋਂ ਆਪਣੀ ਪਾਲਸੀ ਮੁਤਾਬਕ ਯਾਤਰੀਆਂ ਨੂੰ ਰੀਫੰਡ ਕੀਤਾ ਜਾਂਦਾ ਹੈ। ਦੁਬਈ ਦੀ ਅਮੀਰਾਤ ਏਅਰਲਾਈਨ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਕੋਰੋਨਾ ਵਾਇਰਸ ਕਾਰਨ ਰੱਦ ਹੋਈਆਂ ਟਿਕਟਾਂ ਦੇ ਮਾਮਲੇ ਵਿਚ ਆਪਣੇ ਮੁਸਾਫਰਾਂ ਨੂੰ 5 ਬਿਲੀਅਨ ਦਿਰਹਾਮ (1.4 ਬਿਲੀਅਨ ਅਮਰੀਕੀ ਡਾਲਰ) ਦੀ ਰੀਫੰਡਿੰਗ ਕੀਤੀ ਹੈ।
ਏਅਰਲਾਈਨ ਦਾ ਕਹਿਣਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਰੀਫੰਡ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਥੋੜ੍ਹੇ-ਬਹੁਤ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਨੇ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ ਜੋ ਇਸ ਦੌਰਾਨ ਸਹਿਯੋਗ ਬਣਾ ਕੇ ਕੰਮ ਕਰ ਰਹੇ ਹਨ। ਏਅਰਲਾਈਨ ਨੇ ਹਾਲ ਹੀ ਵਿਚ 80 ਸ਼ਹਿਰਾਂ ਲਈ ਉਡਾਣ ਸੇਵਾ ਸ਼ੁਰੂ ਕੀਤੀ ਹੈ।