ਦੁਬਈ ਦਾ ਰੰਗੀਨ ਸੁਪਨਾ ਪੈਣ ਲੱਗਾ ਫਿੱਕਾ, ਹਜ਼ਾਰਾਂ ਪ੍ਰਵਾਸੀ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਮੰਡਰਾਏ ਸੰਕਟ ਦੇ ਬੱਦਲ
Sunday, Jul 19, 2026 - 05:41 AM (IST)
ਦੁਬਈ (ਇੰਟ.) : ਕਦੇ ਬਿਹਤਰ ਰੁਜ਼ਗਾਰ ਅਤੇ ਉੱਚੀ ਕਮਾਈ ਦਾ ਸੁਪਨਾ ਦਿਖਾਉਣ ਵਾਲਾ ਦੁਬਈ ਹੁਣ ਹਜ਼ਾਰਾਂ ਪ੍ਰਵਾਸੀ ਕਾਮਿਆਂ ਲਈ ਮੁਸ਼ਕਲਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਅਮਰੀਕਾ-ਈਰਾਨ ਸੰਘਰਸ਼ ਤੋਂ ਬਾਅਦ ਖਾੜੀ ਖੇਤਰ ਵਿਚ ਪੈਦਾ ਹੋਈ ਬੇਭਰੋਸਗੀ ਦਾ ਅਸਰ ਹੁਣ ਵੀ ਰੁਜ਼ਗਾਰ ਬਾਜ਼ਾਰ ’ਤੇ ਦਿਖਾਈ ਦੇ ਰਿਹਾ ਹੈ। ਕਈ ਕੰਪਨੀਆਂ ਨੇ ਨਵੀਆਂ ਭਰਤੀਆਂ ਰੋਕ ਦਿੱਤੀਆਂ ਹਨ, ਜਦਕਿ ਅਨੇਕਾਂ ਕਰਮਚਾਰੀਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਕੋਲ ਕੰਮ ਹੈ, ਉਨ੍ਹਾਂ ਦੀ ਆਮਦਨ ਵੀ ਘੱਟ ਗਈ ਹੈ।
ਨੌਕਰੀ ਲਈ ਦਰ-ਦਰ ਭਟਕ ਰਹੇ ਪ੍ਰਵਾਸੀ
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਿਲੀਪੀਨਜ਼ ਦੀ ਘਰੇਲੂ ਸਹਾਇਕਾ ਜਾਏ ਵਿਵਾਂਡਾ ਪਿਛਲੇ ਚਾਰ ਮਹੀਨਿਆਂ ਤੋਂ ਨੌਕਰੀ ਦੀ ਭਾਲ ’ਚ ਰੋਜ਼ ਦੁਬਈ ਦੀਆਂ ਗਲੀਆਂ ਵਿਚ ਭਟਕ ਰਹੀ ਹੈ, ਜਿਸ ਪਰਿਵਾਰ ਦੇ ਇੱਥੇ ਉਹ ਕੰਮ ਕਰਦੀ ਸੀ, ਉਹ ਸੰਘਰਸ਼ ਦੌਰਾਨ ਦੇਸ਼ ਛੱਡ ਕੇ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ। ਚਾਰ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਵਾਲੀ ਵਿਵਾਂਡਾ ਲਈ ਆਪਣੇ ਦੇਸ਼ ਪਰਤਣਾ ਵੀ ਸੌਖਾ ਨਹੀਂ ਹੈ।
ਇਹ ਵੀ ਪੜ੍ਹੋ : ਰੂਸ 'ਤੇ ਯੂਕਰੇਨ ਦਾ ਵੱਡਾ ਡਰੋਨ ਹਮਲਾ: 9 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖਮੀ
ਭਾਰਤੀ ਕਰਮਚਾਰੀਆਂ ’ਤੇ ਵੀ ਡਿੱਗੀ ਗਾਜ
ਰਿਪੋਰਟ ਮੁਤਾਬਕ ਭਾਰਤੀ ਅਕਾਊਂਟੈਂਟ ਮੁਜੀਬ ਰਹਿਮਾਨ ਦੀ ਨੌਕਰੀ ਉਸ ਸਮੇਂ ਚਲੀ ਗਈ, ਜਦੋਂ ਉਨ੍ਹਾਂ ਦੀ ਕੈਟਰਿੰਗ ਕੰਪਨੀ ਕਾਰੋਬਾਰ ਬੰਦ ਹੋਣ ਕਾਰਨ ਕਰਮਚਾਰੀਆਂ ਦੀ ਤਨਖਾਹ ਦੇਣ ਵਿਚ ਅਸਮਰੱਥ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਕਾਰੋਬਾਰ ਲਗਭਗ ਠੱਪ ਹੈ ਅਤੇ ਜ਼ਿਆਦਾਤਰ ਕੰਪਨੀਆਂ ਨੇ ਨਵੀਆਂ ਭਰਤੀਆਂ ਬੰਦ ਕਰ ਦਿੱਤੀਆਂ ਹਨ।
ਨੌਕਰੀ ਬਚੀ, ਪਰ ਆਮਦਨ ਘਟੀ
ਜਿਨ੍ਹਾਂ ਕਰਮਚਾਰੀਆਂ ਦੀ ਨੌਕਰੀ ਬਚੀ ਹੋਈ ਹੈ, ਉਨ੍ਹਾਂ ਦੀ ਆਮਦਨ ਵੀ ਪਹਿਲਾਂ ਵਰਗੀ ਨਹੀਂ ਰਹੀ। ਮਿਸਰ ਦੀ ਸੇਲਜ਼ਕਰਮੀ ਜੇਕਰਾ ਐਲਸਾ ਨੇ ਦੱਸਿਆ ਕਿ ਸੈਲਾਨੀਆਂ ਦੀ ਗਿਣਤੀ ਘਟਣ ਨਾਲ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਕੰਪਨੀ ਨੇ ਉਨ੍ਹਾਂ ਦੀ ਨਿਸ਼ਚਿਤ ਤਨਖਾਹ ਖ਼ਤਮ ਕਰ ਕੇ ਕਮੀਸ਼ਨ ਆਧਾਰਿਤ ਭੁਗਤਾਨ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਮਹੀਨਾਵਾਰ ਆਮਦਨ ਵਿਚ ਵੱਡੀ ਕਮੀ ਆਈ ਹੈ।
ਭਰਤੀ ’ਤੇ ਲੱਗੀ ਬ੍ਰੇਕ
ਇਕ ਹਾਲੀਆ ਰੁਜ਼ਗਾਰਦਾਤਾ ਸਰਵੇਖਣ ਅਨੁਸਾਰ ਸੰਯੁਕਤ ਅਰਬ ਅਮੀਰਾਤ ਦੀਆਂ ਕਰੀਬ 25 ਫੀਸਦੀ ਕੰਪਨੀਆਂ ਇਸ ਸਾਲ ਤੀਜੀ ਤਿਮਾਹੀ ਵਿਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਬਣਾ ਰਹੀਆਂ ਹਨ, ਜਦਕਿ ਲਗਭਗ ਇਕ-ਤਿਹਾਈ ਕੰਪਨੀਆਂ ਨੇ ਫਿਲਹਾਲ ਨਵੀਂ ਭਰਤੀ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਨੌਕਰੀ ਦੀ ਭਾਲ ਕਰ ਰਹੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਇਹ ਵੀ ਪੜ੍ਹੋ : ਖਰਾਬ ਮੌਸਮ ਦੇ ਮੱਦੇਨਜ਼ਰ 19 ਜੁਲਾਈ ਨੂੰ ਜੰਮੂ ਤੋਂ ਸ਼੍ਰੀ ਅਮਰਨਾਥ ਯਾਤਰਾ ਦੀ ਆਵਾਜਾਈ 'ਤੇ ਰੋਕ
ਪਰਿਵਾਰਾਂ ’ਤੇ ਵੀ ਪਿਆ ਅਸਰ
ਦੁਬਈ ਵਿਚ ਨੌਕਰੀ ਗੁਆ ਚੁੱਕੇ ਕਈ ਪ੍ਰਵਾਸੀ ਆਪਣੇ-ਆਪਣੇ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੀ ਕਮਾਈ ਨਾਲ ਹੀ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦਾ ਖ਼ਰਚਾ ਚੱਲਦਾ ਸੀ। ਅਜਿਹੇ ਵਿਚ ਰੁਜ਼ਗਾਰ ਸੰਕਟ ਦਾ ਅਸਰ ਸਿਰਫ਼ ਕਾਮਿਆਂ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ’ਤੇ ਵੀ ਪੈ ਰਿਹਾ ਹੈ।
ਸਰਕਾਰ ਬੋਲੀ, ਹਾਲਾਤ ਅਸਥਾਈ
ਯੂ. ਏ. ਈ. ਸਰਕਾਰ ਨੇ ਕਾਰੋਬਾਰ ਨੂੰ ਸੰਭਾਲਣ ਲਈ 68 ਕਰੋੜ ਡਾਲਰ ਤੋਂ ਵੱਧ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਆਰਥਿਕ ਸੁਸਤੀ ਅਸਥਾਈ ਹੈ ਅਤੇ ਜਲਦ ਹੀ ਸੁਧਾਰ ਹੋਵੇਗਾ। ਹਾਲਾਂਕਿ ਜ਼ਮੀਨੀ ਪੱਧਰ ’ਤੇ ਕਾਮਿਆਂ ਦਾ ਕਹਿਣਾ ਹੈ ਕਿ ਹਾਲਾਤ ਅਜੇ ਵੀ ਆਮ ਵਰਗੇ ਨਹੀਂ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
