ਸਪਾਈਸਜੈੱਟ ’ਤੇ ਵਿੱਤੀ ਸੰਕਟ ਦੀ ਮਾਰ, ਹਰ 7 ’ਚੋਂ ਇਕ ਉਡਾਣ 2 ਘੰਟੇ ਤੋਂ ਵੱਧ ਲੇਟ

Friday, Jul 17, 2026 - 02:33 AM (IST)

ਸਪਾਈਸਜੈੱਟ ’ਤੇ ਵਿੱਤੀ ਸੰਕਟ ਦੀ ਮਾਰ, ਹਰ 7 ’ਚੋਂ ਇਕ ਉਡਾਣ 2 ਘੰਟੇ ਤੋਂ ਵੱਧ ਲੇਟ

ਮੁੰਬਈ – ਵਿੱਤੀ ਸੰਕਟ ਨਾਲ ਜੂਝ ਰਹੀ ਨਿੱਜੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਦੀਆਂ ਸੰਚਾਲਨ ਸਬੰਧੀ ਚੁਣੌਤੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਮਈ ਮਹੀਨੇ ਵਿਚ ਸਪਾਈਸਜੈੱਟ ਦੀਆਂ ਲੱਗਭਗ 15.75 ਫੀਸਦੀ ਉਡਾਣਾਂ 2 ਘੰਟੇ ਤੋਂ ਵੱਧ ਦੇਰੀ ਨਾਲ ਚਲਾਈਆਂ ਗਈਆਂ। ਇਸ ਦਾ ਮਤਲਬ ਹੈ ਕਿ ਹਰ 7 ਵਿਚੋਂ ਇਕ ਉਡਾਣ ਤੈਅ ਸਮੇਂ ਤੋਂ 2 ਘੰਟੇ ਤੋਂ ਵੱਧ ਦੇਰੀ ਨਾਲ ਰਵਾਨਾ ਹੋਈ। ਇਹ ਕਾਰਗੁਜ਼ਾਰੀ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਜ਼ ਵਿਚ ਸਭ ਤੋਂ ਕਮਜ਼ੋਰ ਰਹੀ।

ਇੰਡੀਗੋ ਤੇ ਹੋਰ ਏਅਰਲਾਈਨਜ਼ ਤੋਂ ਕਾਫੀ ਪਿੱਛੇ
ਡੀ. ਜੀ. ਸੀ. ਏ. ਦੇ ਅੰਕੜੇ ਦੱਸਦੇ ਹਨ ਕਿ ਮਈ ਵਿਚ ਜਿੱਥੇ ਸਪਾਈਸਜੈੱਟ ਦੀ 2 ਘੰਟੇ ਤੋਂ ਵੱਧ ਦੇਰੀ ਵਾਲੀਆਂ ਉਡਾਣਾਂ ਦੀ ਦਰ 15.75 ਫੀਸਦੀ ਰਹੀ, ਉੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵਿਚ ਇਹ ਅੰਕੜਾ ਸਿਰਫ 0.78 ਫੀਸਦੀ ਸੀ। ਏਅਰ ਇੰਡੀਆ ਤੇ ਅਕਾਸਾ ਏਅਰ ਦੀ ਦੇਰੀ ਦੀ ਦਰ ਵੀ ਸਪਾਈਸਜੈੱਟ ਤੋਂ ਕਾਫੀ ਘੱਟ ਰਹੀ। ਇਸ ਤੋਂ ਸਪੱਸ਼ਟ ਹੈ ਕਿ ਸਮੇਂ ਸਿਰ ਉਡਾਣ ਸੰਚਾਲਨ ਦੇ ਮਾਮਲੇ ਵਿਚ ਸਪਾਈਸਜੈੱਟ ਮੁਕਾਬਲੇਬਾਜ਼ਾਂ ਤੋਂ ਕਾਫੀ ਪਿੱਛੇ ਚੱਲ ਰਹੀ ਹੈ।

ਕੈਸ਼ ਕਰੰਚ ਤੇ ਸੀਮਿਤ ਜਹਾਜ਼ ਬਣੇ ਵੱਡੀ ਵਜ੍ਹਾ
ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਦੇ ਸਾਹਮਣੇ ਲੰਮੇ ਸਮੇਂ ਤੋਂ ਜਾਰੀ ਨਕਦੀ ਸੰਕਟ ਅਤੇ ਸੀਮਿਤ ਜਹਾਜ਼ਾਂ ਦਾ ਬੇੜਾ ਸੰਚਾਲਨ ’ਤੇ ਦਬਾਅ ਵਧਾ ਰਿਹਾ ਹੈ। ਲੋੜੀਂਦੇ ਜਹਾਜ਼ਾਂ ਦੇ ਮੁਹੱਈਆ ਨਾ ਹੋਣ ਕਾਰਨ ਉਡਾਣਾਂ ਦੇ ਸ਼ਡਿਊਲ ’ਤੇ ਅਸਰ ਪੈ ਰਿਹਾ ਹੈ। ਲਗਾਤਾਰ ਦੇਰੀ ਕਾਰਨ ਯਾਤਰੀਆਂ ਦਾ ਭਰੋਸਾ ਵੀ ਘਟ ਰਿਹਾ ਹੈ ਅਤੇ ਕਈ ਯਾਤਰੀ ਦੂਜੀਆਂ ਏਅਰਲਾਈਨਜ਼ ਵੱਲ ਰੁਖ਼ ਕਰ ਰਹੇ ਹਨ।

ਯਾਤਰੀਆਂ ਦੇ ਅਧਿਕਾਰ ਵੀ ਅਹਿਮ
ਨਿਯਮਾਂ ਅਨੁਸਾਰ ਜੇਕਰ ਘਰੇਲੂ ਉਡਾਣ 2 ਘੰਟੇ ਤੋਂ ਵੱਧ ਦੇਰੀ ਨਾਲ ਚੱਲਦੀ ਹੈ ਤਾਂ ਏਅਰਲਾਈਨ ਨੂੰ ਯਾਤਰੀਆਂ ਨੂੰ ਭੋਜਨ ਤੇ ਰਿਫਰੈੱਸ਼ਮੈਂਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ 6 ਘੰਟੇ ਤੋਂ ਵੱਧ ਦੇਰੀ ਹੋਣ ਦੀ ਸਥਿਤੀ ਵਿਚ ਯਾਤਰੀਆਂ ਨੂੰ ਬਦਲਵੀਂ ਉਡਾਣ ਜਾਂ ਪੂਰਾ ਰਿਫੰਡ ਲੈਣ ਦਾ ਆਪਸ਼ਨ ਦਿੱਤਾ ਜਾਂਦਾ ਹੈ। ਇੰਝ ਲਗਾਤਾਰ ਵਧਦੀ ਦੇਰੀ ਏਅਰਲਾਈਨ ’ਤੇ ਵਾਧੂ ਸੰਚਾਲਨ ਤੇ ਵਿੱਤੀ ਦਬਾਅ ਵੀ ਵਧਾ ਸਕਦੀ ਹੈ।

ਬਾਜ਼ਾਰ ਹਿੱਸੇਦਾਰੀ ’ਚ ਵੀ ਗਿਰਾਵਟ
ਸੰਚਾਲਨ ਸਬੰਧੀ ਸਮੱਸਿਆਵਾਂ ਦਾ ਅਸਰ ਕੰਪਨੀ ਦੀ ਬਾਜ਼ਾਰ ਕਾਰਗੁਜ਼ਾਰੀ ’ਤੇ ਵੀ ਦਿਖਾਈ ਦੇ ਰਿਹਾ ਹੈ। ਜਨਵਰੀ ਵਿਚ ਜਿੱਥੇ ਸਪਾਈਸਜੈੱਟ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਲੱਗਭਗ 3.9 ਫੀਸਦੀ ਸੀ, ਉੱਥੇ ਹੀ ਮਈ ਤੱਕ ਇਹ ਘਟ ਕੇ 3 ਫੀਸਦੀ ਰਹਿ ਗਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਉਡਾਣਾਂ ਦੀ ਸਮਾਂਬੱਧਤਾ ਵਿਚ ਜਲਦੀ ਸੁਧਾਰ ਨਾ ਹੋਇਆ ਤਾਂ ਕੰਪਨੀ ਲਈ ਮੁਕਾਬਲਾ ਹੋਰ ਮੁਸ਼ਕਲ ਹੋ ਸਕਦਾ ਹੈ।

ਕੰਪਨੀ ਨੇ ਦਿੱਤਾ ਸੁਧਾਰ ਦਾ ਭਰੋਸਾ
ਸਪਾਈਸਜੈੱਟ ਦਾ ਕਹਿਣਾ ਹੈ ਕਿ ਉਡਾਣਾਂ ਦੀ ਸਮਾਂਬੱਧਤਾ ਵਿਚ ਸੁਧਾਰ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਕੰਪਨੀ ਪੜਾਅਬੱਧ ਤਰੀਕੇ ਨਾਲ ਜਹਾਜ਼ਾਂ ਨੂੰ ਮੁੜ ਸੇਵਾ ਵਿਚ ਸ਼ਾਮਲ ਕਰ ਰਹੀ ਹੈ, ਉਡਾਣਾਂ ਦੇ ਸ਼ਡਿਊਲ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਅਤੇ ਇੰਜੀਨੀਅਰਿੰਗ ਟੀਮਾਂ ਵਿਚਾਲੇ ਤਾਲਮੇਲ ਵਧਾਇਆ ਜਾ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸਥਾਈ ਸੁਧਾਰ ਲਈ ਕੰਪਨੀ ਨੂੰ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੇ ਨਾਲ-ਨਾਲ ਸੰਚਾਲਨ ਸਮਰੱਥਾ ਵੀ ਵਧਾਉਣੀ ਪਵੇਗੀ।


author

Inder Prajapati

Content Editor

Related News