ਕੈਨੇਡਾ 'ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 3 ਪੰਜਾਬੀ ਕਾਬੂ ਤੇ ਇਕ ਫਰਾਰ
Thursday, Mar 28, 2024 - 03:02 PM (IST)
ਐਡਮਿੰਟਨ : ਕੈਨੇਡਾ ਵਿਚ ਐਡਮਿੰਟਨ ਪੁਲਸ ਨੇ ਤਿੰਨ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਜਦਕਿ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਸ ਨੇ ਦੱਸਿਆ ਕਿ ਤਕਰੀਬਨ ਢਾਈ ਲੱਖ ਡਾਲਰ ਦਾ ਨਸ਼ਾ ਬਰਾਮਦ ਕਰਦਿਆਂ 22 ਸਾਲ ਦੇ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪ੍ਰਭਜੋਤ ਸਿੰਘ ਅਟਵਾਲ ਅਤੇ 20 ਸਾਲ ਦੇ ਹਰਮਨ ਸੰਧੂ ਵਿਰੁੱਧ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ ਜਦਕਿ 36 ਸਾਲ ਦਾ ਜੌਹਨਪ੍ਰੀਤ ਸਿੰਘ ਕੰਗ ਫਰਾਰ ਹੈ।
2.50 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ
ਪੁਲਸ ਮੁਤਾਬਕ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਨਵੰਬਰ 2023 ਵਿਚ ਪੜਤਾਲ ਆਰੰਭੀ ਗਈ। ਇਸ ਦੌਰਾਨ ਸ਼ੱਕੀਆਂ ਦੀ ਪਛਾਣ ਕਰਦਿਆਂ ਕਈ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਜਾਂਚਕਰਤਾਵਾਂ ਨੇ 1 ਲੱਖ 76 ਹਜ਼ਾਰ ਡਾਲਰ ਮੁੱਲ ਦੀ ਦੋ ਕਿਲੋ ਤੋਂ ਵੱਧ ਕੋਕੀਨ, 27,500 ਡਾਲਰ ਮੁੱਲ ਦੀ 450 ਗ੍ਰਾਮ ਮੇਥਮਫੈਟਾਮਿਨ ਅਤੇ 13 ਹਜ਼ਾਰ ਡਾਲਰ ਮੁੱਲ ਦੀ 85 ਗ੍ਰਾਮ ਫੈਂਟਾਨਿਲ ਤੋਂ ਇਲਾਵਾ ਸਾਢੇ ਪੰਜ ਹਜ਼ਾਰ ਡਾਲਰ ਮੁੱਲ ਦੀ 65 ਗ੍ਰਾਮ ਕਰੈਕ ਕੋਕੀਨ ਅਤੇ ਇਕ ਹਜ਼ਾਰ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਪੰਜ ਹਜ਼ਾਰ ਡਾਲਰ ਬਣਦੀ ਹੈ। ਐਡਮਿੰਟਨ ਪੁਲਸ ਦੀ ਸਾਊਥ ਵੈਸਟ ਬ੍ਰਾਂਚ ਦੀ ਸਪੈਸ਼ਲ ਪ੍ਰੌਜੈਕਟ ਟੀਮ ਦੇ ਸਾਰਜੈਂਟ ਇਆਨ ਵਿਕਰ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਸਾਡੀ ਕਮਿਊਨਿਟੀ ’ਤੇ ਬੇਹੱਦ ਮਾੜਾ ਅਸਰ ਪੈਂਦਾ ਹੈ। ਨਸ਼ਾ ਵੇਚਣ ਵਾਲੇ ਪੂਰੇ ਸ਼ਹਿਰ ਦਾ ਗੇੜਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਇਹ ਚੀਜ਼ਾਂ ਵੇਚੀਆਂ ਜਾਂਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ, ਅਗਲੇ ਮਹੀਨੇ ਤੋਂ ਇਸ Tax ਨਾਲ ਢਿੱਲੀ ਹੋਵੇਗੀ ਜੇਬ
ਦੋਸ਼ੀਆਂ ਵਿਰੁੱਧ ਦੋਸ਼ ਆਇਦ
ਪੁਲਸ ਵੱਲੋਂ ਹਰਸ਼ਦੀਪ ਸਿੰਘ ਸੋਹਲ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ 12 ਦੋਸ਼ ਆਇਦ ਕੀਤੇ ਗਏ ਹਨ ਜਦਕਿ ਪ੍ਰਭਜੋਤ ਅਟਵਾਲ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋ ਅਤੇ ਹਥਿਆਰ ਰੱਖਣ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਮਨ ਸੰਧੂ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦੀ ਤਸਕਰੀ ਅਤੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਜੌਹਨਪ੍ਰੀਤ ਸਿੰਘ ਕੰਗ ਦੀ ਭਾਲ ਕਰ ਰਹੀ ਪੁਲਸ ਨੇ ਲੋਕਾਂ ਤੋਂ ਮਦਦ ਮੰਗੀ ਹੈ ਜੋ ਹੁਣ ਤੱਕ ਫਰਾਰ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੌਹਨਪ੍ਰੀਤ ਕੰਗ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 780 423 4567 ’ਤੇ ਕਾਲ ਕਰ ਸਕਦਾ ਹੈ। ਮੋਬਾਈਲ ਫੋਨ ਤੋਂ ਕਾਲ ਕਰਨ ਵਾਲੇ ਹੈਸ਼ 377 ’ਤੇ ਵੀ ਕਾਲ ਕਰ ਸਕਦੇ ਹਨ ਅਤੇ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਪੁਲਸ ਮੁਤਾਬਕ ਸ਼ਹਿਰ ਦੇ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਉਹ ਗੁਪਤ ਤਰੀਕੇ ਨਾਲ ਕ੍ਰਾਈਮ ਸਟੌਪਰਜ਼ ਨੂੰ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।