ਯੂਕ੍ਰੇਨ ਦੀ ਰਾਜਧਾਨੀ ਕੀਵ ''ਚ ਫਿਰ ਕੀਤੇ ਗਏ ਡਰੋਨ ਹਮਲੇ: ਅਧਿਕਾਰੀ
Monday, Dec 19, 2022 - 04:25 PM (IST)
ਕੀਵ (ਭਾਸ਼ਾ)- ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਤੜਕੇ ਇੱਕ ਵਾਰ ਫਿਰ ਡਰੋਨ ਨਾਲ ਹਮਲੇ ਕੀਤੇ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਿੰਨ ਦਿਨ ਪਹਿਲਾਂ ਵੀ ਕੀਵ ਵਿੱਚ ਇਸੇ ਤਰ੍ਹਾਂ ਦੇ ਹਮਲੇ ਕੀਤੇ ਗਏ ਸਨ। ਅਧਿਕਾਰੀਆਂ ਨੇ ਇਸ ਨੂੰ ਜੰਗ ਦੀ ਸ਼ੁਰੂਆਤ ਤੋਂ ਬਾਅਦ ਕੀਵ 'ਤੇ ਸਭ ਤੋਂ ਵੱਡਾ ਹਮਲਾ ਦੱਸਿਆ ਹੈ। ਕੀਵ ਸ਼ਹਿਰ ਦੇ ਪ੍ਰਸ਼ਾਸਨ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਕਿਹਾ ਕਿ ਰਾਜਧਾਨੀ ਕੀਵ ਦੇ ਹਵਾਈ ਖੇਤਰ ਵਿੱਚ 20 ਤੋਂ ਵੱਧ ਈਰਾਨੀ-ਨਿਰਮਿਤ ਡਰੋਨ ਦੇਖੇ ਗਏ ਸਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 15 ਨੂੰ ਡੇਗ ਦਿੱਤਾ।
ਪ੍ਰਸ਼ਾਸਨ ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਇੱਕ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਹਮਲਾ ਕੀਤਾ ਗਿਆ। ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ। ਰੂਸ ਸਰਦੀਆਂ ਵਿੱਚ ਯੂਕ੍ਰੇਨ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਉਦੇਸ਼ ਨਾਲ ਕੀਵ ਸਮੇਤ ਹੋਰ ਥਾਵਾਂ 'ਤੇ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰੂਸ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ 'ਤੇ ਵੀ ਹਮਲੇ ਕੀਤੇ ਸੀ। ਦੇਸ਼ ਭਰ ਵਿੱਚ ਦਰਜਨਾਂ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਕਾਰਨ ਵਿਆਪਕ ਬਿਜਲੀ ਬੰਦ ਹੋ ਗਈ।