ਡਾ. ਫਾਉਚੀ ਦਾ ਵੱਡਾ ਬਿਆਨ-ਜਲਦਬਾਜ਼ੀ ’ਚ ਲਾਕਡਾਊਨ ਖੋਲ੍ਹਣ ਦੇ ਨਤੀਜੇ ਭੁਗਤ ਰਿਹੈ ਭਾਰਤ

05/12/2021 2:36:20 PM

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਚੋਟੀ ਦੇ ਲਾਗ ਦੇ ਰੋਗਾਂ ਦੇ ਮਾਹਿਰ ਡਾ. ਐਂਥਨੀ ਫਾਉਚੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਭਾਰਤ ਇਸ ਭੁਲੇਖੇ ’ਚ ਰਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਉਥੇ ਖਤਮ ਹੋ ਗਈ ਅਤੇ ਉਸ ਨੇ ਸਮੇਂ ਤੋਂ ਪਹਿਲਾਂ ਹੀ ਦੇਸ਼ ’ਚੋਂ ਲਾਕਡਾਊਨ ਖਤਮ ਦਿੱਤਾ, ਜਿਸ ਕਾਰਨ ਉਹ ਅੱਜ ਅਜਿਹੇ ‘ਗੰਭੀਰ ਸੰਕਟ’ ’ਚ ਫਸਿਆ ਹੋਇਆ ਹੈ। ਭਾਰਤ ਕੋਰੋਨਾ ਵਾਇਰਸ ਦੀ ਦੂਸਰੀ ਭਿਆਨਕ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਸੂਬੇ ਹਸਪਤਾਲਾਂ ’ਚ ਸਿਹਤ ਕਰਮਚਾਰੀਆਂ, ਟੀਕਿਆਂ, ਆਕਸੀਜਨ, ਦਵਾਈਆਂ ਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ। ਫਾਉਚੀ ਨੇ ਕੋਵਿਡ-19 ਪ੍ਰਤੀਕਿਰਿਆ ’ਤੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਸੀਨੇਟ ਦੀ ਸਿਹਤ, ਸਿੱਖਿਆ ਤੇ ਪੈਨਸ਼ਨ ਸੰਮਤੀ ਨੂੰ ਕਿਹਾ, ‘‘ਭਾਰਤ ਹੁਣ ਜਿਸ ਗੰਭੀਰ ਸੰਕਟ ’ਚ ਹੈ, ਉਸ ਦੀ ਵਜ੍ਹਾ ਇਹ ਹੈ ਕਿ ਉਥੇ ਅਸਲੀਅਤ ’ਚ ਕੋਰੋਨਾ ਦੀ ਬੀਮਾਰੀ ਜ਼ਿਆਦਾ ਸੀ ਤੇ ਉਨ੍ਹਾਂ ਨੇ ਗਲਤ ਧਾਰਨਾਵਾਂ ਬਣਾਈਆਂ ਕਿ ਉਥੇ ਕੋਰੋਨਾ ਖਤਮ ਹੋ ਗਿਆ ਹੈ ਤੇ ਹੋਇਆ ਕੀ, ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸਭ ਕੁਝ ਖੋਲ੍ਹ ਦਿੱਤਾ ਤੇ ਹੁਣ ਅਜਿਹੀ ਸਿਖਰ ਉਥੇ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਅਸੀਂ ਸਭ ਜਾਣੂ ਹਾਂ ਕਿ ਉਹ ਕਿੰਨਾ ਤਬਾਹਕੁੰਨ ਹੈ।

ਇਹ ਵੀ ਪੜ੍ਹੋ : ਲੰਡਨ ਪੁਲਸ ਦੀ ਅਪਰਾਧੀਆਂ ’ਤੇ ਵੱਡੀ ਕਾਰਵਾਈ, 1000 ਲੋਕਾਂ ਨੂੰ ਕੀਤਾ ਕਾਬੂ 

ਡਾ. ਫਾਉਚੀ ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਨ ਡਿਜ਼ੀਜ਼ਿਜ਼’ (ਐੱਨ. ਆਈ. ਏ. ਆਈ. ਡੀ.) ਦੇ ਨਿਰਦੇਸ਼ਕ ਹਨ ਤੇ ਰਾਸ਼ਟਰਪਤੀ ਜੋ ਬਾਈਡੇਨ ਦੇ ਮੁੱਖ ਸਲਾਹਕਾਰ ਵੀ ਹਨ। ਸੁਣਵਾਈ ਦੀ ਪ੍ਰਧਾਨਗੀ ਕਰ ਰਹੀ ਸੀਨੇਟਰ ਪੈਟੀ ਮੁੱਰੇ ਨੇ ਕਿਹਾ ਕਿ ਭਾਰਤ ’ਚ ਹਾਹਾਕਾਰ ਮਚਾ ਰਹੀ ਕੋਵਿਡ ਦੀ ਲਹਿਰ ਇਸ ਗੱਲ ਦੀ ਦਰਦਨਾਕ ਯਾਦ ਦਿਵਾਉਂਦੀ ਹੈ ਕਿ ਅਮਰੀਕਾ ਵੀ ਵਿਸ਼ਵ ਪੱਧਰੀ ਮਹਾਮਾਰੀ ਨੂੰ ਖਤਮ ਨਹੀਂ ਕਰ ਸਕਦਾ, ਜਦ ਤਕ ਇਹ ਸਾਰੀ ਜਗ੍ਹਾ ਖਤਮ ਨਾ ਹੋ ਜਾਵੇ। ਉਨ੍ਹਾਂ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਬਾਈਡੇਨ ਵਿਸ਼ਵ ਸਿਹਤ ਸੰਗਠਨ ’ਚ ਮੁੜ ਸ਼ਾਮਲ ਹੋ ਕੇ ਵਿਸ਼ਵ ਪੱਧਰੀ ਲੜਾਈ ਦੀ ਅਗਵਾਈ ਕਰ ਰਹੇ ਹਨ ਤੇ 4 ਜੁਲਾਈ ਤਕ 6 ਕਰੋੜ ਐਸਟ੍ਰਾਜੈਨੇਕਾ ਟੀਕੇ ਦੂਜੇ ਦੇਸ਼ਾਂ ਨੂੰ ਦੇਣ ਦੀ ਪ੍ਰਤੀਬੱਧਤਾ ਜਤਾ ਕੇ ਵਿਸ਼ਵ ਪੱਧਰੀ ਟੀਕਾਕਰਨ ਯਤਨਾਂ ਦਾ ਵਿੱਤ ਪੋਸ਼ਣ ਕਰ ਰਹੇ ਹਨ।’’

ਮੁੱਰੇ ਨੇ ਕਿਹਾ ਕਿ ਭਾਰਤ ਦੀ ਕਰੋਪੀ ਇਸ ਵਿਸ਼ਵ ਪੱਧਰੀ ਮਹਾਮਾਰੀ ਤੇ ਭਵਿੱਖ ਦੀਆਂ ਕਰੋਪੀਆਂ ਪ੍ਰਤੀ ਉਚਿਤ ਪ੍ਰਤੀਕਿਰਿਆ ਦੇਣ ਲਈ ਅਮਰੀਕਾ ’ਚ ਮਜ਼ਬੂਤ ਜਨਤਕ ਢਾਂਚੇ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। ਇਸ ਬਾਰੇ ਫਾਉਚੀ ਨੇ ਕਿਹਾ, ‘‘ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਕਿ ਕਦੇ ਵੀ ਸਥਿਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਦੂਜੀ ਗੱਲ ਜਨਤਕ ਸਿਹਤ ਦੇ ਸਬੰਧ ਵਿਚ ਤਿਆਰੀ ਹੈ, ਤਿਆਰੀ, ਜੋ ਅਸੀਂ ਭਵਿੱਖ ਦੀਆਂ ਮਹਾਮਾਰੀਆਂ ਲਈ ਕਰਨੀ ਹੈ, ਜਿਸ ਦੀ ਸਾਨੂੰ ਸਥਾਨਕ ਜਨਤਕ ਸਿਹਤ ਦੇ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਜਾਰੀ ਰੱਖਣ ਦੀ ਲੋੜ ਹੈ।’’ 


Manoj

Content Editor

Related News