ਅਮਰੀਕਾ ''ਚ ਚੋਣ ਨਤੀਜਿਆਂ ਖਿਲਾਫ਼ ਪ੍ਰਦਰਸ਼ਨ, ਟਰੰਪ ਦੇ ਸਮਰਥਨ ''ਚ ਸੜਕਾਂ ''ਤੇ ਉਤਰੇ ਲੋਕ
Sunday, Nov 15, 2020 - 06:01 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਨਤੀਜਿਆਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਸੜਕਾਂ 'ਤੇ ਉਹਨਾਂ ਦੇ ਹਜ਼ਾਰਾਂ ਸਮਰਥਕ ਉਤਰ ਆਏ ਹਨ ਅਤੇ ਨਾਅਰੇਬਾਜ਼ੀ ਕਰ ਰਹੇ ਹਨ। ਇਹਨਾਂ ਸਮਰਥਕਾਂ ਦੇ ਨਾਲ ਪੁਲਸ ਦੀ ਝੜਪ ਵੀ ਹੋਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਏ ਲੱਗਭਗ ਇਕ ਹਫਤੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਟਰੰਪ ਇਹਨਾਂ ਨਤੀਜਿਆਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਹ ਚੋਣਾਂ ਵਿਚ ਧੋਖਾਧੜੀ ਦਾ ਦੋਸ਼ ਲਗਾ ਰਹੇ ਹਨ।
ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪੈੱਨਸਿਲਵੇਨੀਆ, ਨੇਵਾਦਾ ਜਿਹੀਆਂ ਥਾਵਾਂ 'ਤੇ ਧੋਖਾਧੜੀ ਹੋਈ ਹੈ। ਸ਼ਨੀਵਾਰ ਨੂੰ ਵਾਸ਼ਿੰਗਟਨ ਵਿਚ ਟਰੰਪ ਦੇ ਹਜ਼ਾਰਾਂ ਸਮਰਥਕ ਸੜਕ 'ਤੇ ਆ ਗਏ। ਇਹਨਾਂ ਦਾ ਦੋਸ਼ ਹੈ ਕਿ ਚੋਣਾਂ ਵਿਚ ਵੱਡੇ ਪੱਧਰ 'ਤੇ ਧੋਖਾਧੜੀ ਹੋਈ ਹੈ ਅਤੇ ਜਨਮਤ ਨੂੰ ਹੜਪ ਲਿਆ ਗਿਆ ਹੈ। ਵਾਸ਼ਿੰਗਟਨ ਵਿਚ ਟਰੰਪ ਦੇ ਸਮਰਥਕਾਂ ਅਤੇ ਵਿਰੋਧੀਆਂ ਦੇ ਵਿਚ ਕਈ ਜਗ੍ਹਾ ਝੜਪ ਵੀ ਹੋਈ। ਬਲੈਕ ਲਾਈਵਸ ਮੈਟਰ ਅਤੇ ਅੰਟਿਫਾ ਨਾਮ ਦੇ ਸੰਗਠਨ ਨਾਲ ਜੁੜੇ ਲੋਕ ਵੀ ਵ੍ਹਾਈਟ ਹਾਊਸ ਵਿਚ ਕੁਝ ਦੂਰੀ 'ਤੇ ਜਮਾਂ ਹੋ ਗਏ। ਇਹਨਾਂ ਦੀ ਟਰੰਪ ਦੇ ਸਮਰਥਕਾਂ ਨਾਲ ਝੜਪ ਵੀ ਹੋਈ। ਹਾਲਾਤ ਨੂੰ ਕਾਬੂ ਕਰਨ ਲਈ ਪੁਲਸ ਨੇ ਇੱਥੇ ਮਿਰਚ ਪਾਊਡਰ ਦੀ ਵੀ ਵਰਤੋਂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਆਸੀਆਨ, ਚੀਨ ਸਮੇਤ 15 ਦੇਸ਼ ਕਰਨਗੇ ਵਿਸ਼ਵ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ
ਕਈ ਲੋਕ ਸੜਕਾਂ 'ਤੇ ਵੀ ਉਤਰੇ ਹਨ। ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਉਦੋਂ ਸੰਤੁਸ਼ਟ ਹੋਣਗੇ ਜਦੋਂ ਸਾਰੇ ਰਾਜਾਂ ਵਿਚ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਜਾਵੇਗੀ। ਇਹਨਾਂ ਦਾ ਕਹਿਣਾ ਹੈਕਿ ਕਈ ਜਗ੍ਹਾ 'ਤੇ ਮ੍ਰਿਤਕਾਂ ਦੇ ਨਾਮ ਨਾਲ ਵੋਟ ਪਾਈ ਗਈ ਹੈ। ਹਾਲਾਤ ਨੂੰ ਦੇਖਦੇ ਹੋਏ ਵਾਸ਼ਿੰਗਟਨ ਡੀ.ਸੀ. ਵਿਚ ਵੱਡੇ ਪੱਧਰ 'ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਵ੍ਹਾਈਟ ਹਾਊਸ ਦੀ ਸੁਰੱਖਿਆ ਪਹਿਲਾਂ ਨਾਲੋਂ ਵਧਾ ਦਿੱਤੀ ਗਈ ਹੈ। ਟਰੰਪ ਦੇ ਭਰੋਸੇਵੰਦ ਮੰਤਰੀ ਮਾਈਕ ਪੋਂਪਿਓ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਟਰੰਪ ਆਪਣੇ ਅਗਲੇ ਕਾਰਜਕਾਲ ਦੀ ਤਿਆਰੀ ਕਰ ਰਹੇ ਹਨ।