ਟਰੰਪ ਨੇ ਠੁਕਰਾਈ ਟਰੂਡੋ ਦੀ ਪਿਆਰ ਭਰੀ ਫਰਮਾਇਸ਼, ਕੀਤਾ ਨਜ਼ਰਅੰਦਾਜ਼ (ਤਸਵੀਰਾਂ)

05/26/2017 3:28:23 PM

ਬਰਸਲਜ਼— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰ ਪਲ ਵਿਚ ਆਪਣਾ ਰੰਗ ਭਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਗੱਲ ਸ਼ਾਇਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿਆਦਾ ਪਸੰਦ ਨਹੀਂ ਹੈ ਜਾਂ ਫਿਰ ਉਹ ਰੰਗ ਵਿਚ ਭੰਗ ਪਾਉਣ ਦੀ ਆਪਣੀ ਆਦਤ ਤੋਂ ਮਜ਼ਬੂਰ ਹਨ। ਬਰਸਲਜ਼ ਵਿਚ ਫੌਜੀ ਗਠਜੋੜ 'ਨਾਟੋ' ਦੇ ਸਹਿਯੋਗੀ ਦੇਸ਼ਾਂ ਦੀ ਮੀਟਿੰਗ ਵਿਚ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਟਰੰਪ ਨੇ ਟਰੂਡੋ ਦੀ ਪਿਆਰ ਭਰੀ ਫਰਮਾਇਸ਼ ਨੂੰ ਹੀ ਠੁਕਰਾਅ ਦਿੱਤਾ। ਅਸਲ ਵਿਚ ਇਸ ਦੌਰਾਨ ਜਦੋਂ ਨਾਟੋ ਦੇ ਸਹਿਯੋਗੀ ਦੇਸ਼ਾਂ ਦੇ ਪ੍ਰਤੀਨਿਧੀਆਂ ਤਸਵੀਰ ਖਿਚਵਾ ਰਹੇ ਸਨ ਤਾਂ ਟਰੂਡੋ ਨੇ 'ਐਵਰਬਾਡੀਜ਼ ਵੇਬ' ਕਹਿੰਦੇ ਹੋਏ ਸਾਰਿਆਂ ਨੂੰ ਹੱਥ ਹਿਲਾਉਣ ਨੂੰ ਕਿਹਾ। ਬਾਕੀ ਨੇਤਾਵਾਂ ਨੇ ਟਰੂਡੋ ਦੀ ਇਸ ਗੱਲ ਨੂੰ ਮੰਨ ਲਿਆ ਅਤੇ ਸਾਰੇ ਹੱਸ ਪਏ ਪਰ ਟਰੰਪ ਇਕ ਛੋਟੀ ਜਿਹੀ ਮੁਸਕਰਾਹਟ ਦੇ ਕੇ ਹਟ ਗਏ ਅਤੇ ਉਨ੍ਹਾਂ ਨੇ ਹੱਥ ਵੀ ਨਹੀਂ ਹਿਲਾਇਆ। ਉਨ੍ਹਾਂ ਨੇ ਟਰੂਡੋ ਦੀ ਪਿਆਰੀ ਜਿਹੀ ਫਰਮਾਇਸ਼ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਅਤੇ ਗੁੱਸੇ ਭਰਿਆ ਮੂੰਹ ਬਣਾ ਲਿਆ। 
ਇੱਥੇ ਦੱਸ ਦੇਈਏ ਕਿ ਟਰੰਪ ਨੇ ਨਾਟੋ ਵਿਚ ਹਿੱਸੇਦਾਰੀ ਦੇ ਭੁਗਤਾਨ ਨੂੰ ਲੈ ਕੇ ਸਹਿਯੋਗੀ ਦੇਸ਼ਾਂ ਨੂੰ ਝਾੜਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਇਸ ਫੌਜੀ ਗੱਠਜੋੜ ਲਈ ਵੱਡੀ ਰਕਮ ਖਰਚ ਕਰ ਰਿਹਾ ਹੈ ਪਰ ਬਾਕੀ ਦੇਸ਼ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ। ਉਨ੍ਹਾਂ ਕਿਹਾ ਕਿ ਕੈਨੇਡਾ ਸਮੇਤ ਬਾਕੀ ਦੇਸ਼ ਆਪਣੀ ਤੈਅ ਕੀਤੀ ਗਈ ਰਕਮ ਤੋਂ ਘੱਟ ਰਕਮ ਖਰਚ ਰਹੇ ਹਨ ਅਤੇ ਇਕੱਲਾ ਅਮਰੀਕਾ ਇਹ ਸਾਰਾ ਬੋਝ ਨਹੀਂ ਚੁੱਕ ਸਕਦਾ। ਇਸ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਟਰੂਡੋ ਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਤਾਂ ਸਾਰੇ ਹੈਰਾਨ ਰਹਿ ਗਏ।


Kulvinder Mahi

News Editor

Related News