ਮੇਲੋਨੀ ਸਰਕਾਰ ਦੇ ਬਜਟ ਬਿੱਲ 2024 ਤੋਂ ਡਾਕਟਰ ਪ੍ਰੇਸ਼ਾਨ, 24 ਘੰਟੇ ਕੀਤੀ ਹੜਤਾਲ, ਰੋਮ ''ਚ ਚੱਕਾ ਜਾਮ

12/08/2023 3:31:13 AM

ਰੋਮ (ਦਲਵੀਰ ਕੈਂਥ) : ਸਾਲ 2020 ਦੌਰਾਨ ਕੁਦਰਤੀ ਕਹਿਰ ਕੋਵਿਡ-19 ਤੋਂ ਇਟਲੀ ਦੇ ਬਾਸ਼ਿੰਦਿਆਂ ਨੂੰ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਚਾਉਣ ਵਾਲੇ ਤਮਾਮ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਨੂੰ ਇਟਾਲੀਅਨ ਲੋਕਾਂ ਨੇ ਉਸ ਵੇਲੇ ਸੁਪਰਮੈਨ ਦੇ ਖਿਤਾਬ ਨਾਲ ਨਿਵਾਜਿਆ ਸੀ ਪਰ ਅਫ਼ਸੋਸ ਇਹ ਸੁਪਰਮੈਨ ਯਾਨੀ ਇਟਲੀ ਦੇ ਡਾਕਟਰ ਤੇ ਨਰਸਾਂ ਮੌਜੂਦਾ ਮੇਲੋਨੀ ਸਰਕਾਰ ਦੇ 2024 ਵਿੱਚ ਆ ਰਹੇ ਨਵੇਂ ਬਜਟ ਬਿੱਲ ਤੋਂ ਬੇਹੱਦ ਨਿਰਾਸ਼ ਲੱਗ  ਰਹੇ ਹਨ। ਇਸ ਬਜਟ ਬਿੱਲ ਵਿੱਚ ਸੋਧ ਕਰਵਾਉਣ ਲਈ ਬੀਤੇ ਦਿਨੀਂ ਇਨ੍ਹਾਂ ਡਾਕਟਰ ਤੇ ਨਰਸਾਂ ਨੇ ਰਾਜਧਾਨੀ ਰੋਮ ਦੀਆਂ ਸੜਕਾਂ 'ਤੇ ਆ ਕੇ ਜਿੱਥੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ, ਉੱਥੇ ਹੀ ਕੰਮ ਤੋਂ ਹੜਤਾਲ ਕਰਕੇ ਸਰਕਾਰ ਨੂੰ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ। ਇਹ ਹੜਤਾਲ 24 ਘੰਟੇ ਰਹੀ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਅਨੋਖੀ ਹੈ ਇਹ ਬੱਚੀ, ਨਾ ਲੱਗਦੀ ਭੁੱਖ, ਨਾ ਹੁੰਦੀ ਥਕਾਵਟ ਤੇ ਨਾ ਹੀ ਦਰਦ, ਡਾਕਟਰ ਵੀ ਹੈਰਾਨ

ਮੇਲੋਨੀ ਸਰਕਾਰ ਦੇ 2024 ਦੇ ਬਜਟ ਬਿੱਲ ਅਨੁਸਾਰ ਸਰਕਾਰ ਸਿਹਤ ਸੰਭਾਲ ਕਾਰਜਕਰਤਾਵਾਂ ਦੀ ਪੈਨਸ਼ਨ ਭੱਤੇ ਵਿੱਚ ਕਟੌਤੀ ਤੇ ਕੁਝ ਹੋਰ ਅਜਿਹੇ ਫ਼ੈਸਲੇ ਜਿਸ ਨਾਲ ਸਿਹਤ ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਹੋ ਸਕਦਾ ਹੈ, ਦਾ ਇਟਲੀ ਦੇ ਸਮੂਹ ਡਾਕਟਰ ਤੇ ਨਰਸਾਂ ਵਿਰੋਧ ਕਰਨ ਲਈ ਮਜਬੂਰ ਹਨ। ਆਪਣੇ ਹੱਕਾਂ ਲਈ ਕੌਮੀ ਹੜਤਾਲ ਵਿੱਚ ਇਟਲੀ ਭਰ ਤੋਂ 80 ਫ਼ੀਸਦੀ ਤੋਂ ਵੱਧ ਸਿਹਤ ਕਰਮਚਾਰੀਆਂ ਨੇ ਸਿਰਫ਼ ਹਿੱਸਾ ਹੀ ਨਹੀਂ ਲਿਆ ਸਗੋਂ ਸਰਕਾਰ ਦੇ ਬਜਟ 2024 ਤੇ ਹੋਰ ਸਿਹਤਕਰਮਚਾਰੀ ਵਿਰੋਧੀ ਫ਼ੈਸਲਿਆਂ ਦਾ ਵੀ ਡਟ ਕੇ ਵਿਰੋਧ ਕੀਤਾ। ਇਨ੍ਹਾਂ ਡਾਕਟਰਾਂ ਤੇ ਨਰਸਾਂ ਨੇ ਨਿਰਾਸ਼ਾ ਭਰੇ ਲਹਿਜ਼ੇ 'ਚ ਕਿਹਾ ਕਿ ਉਨ੍ਹਾਂ ਆਪਣੇ ਕਿੱਤੇ ਨਾਲ ਸਦਾ ਹੀ ਇਮਾਨਦਾਰੀ ਰੱਖੀ ਹੈ, ਜਿਸ ਲਈ ਇਟਲੀ ਦੇ ਲੋਕ ਉਨ੍ਹਾਂ ਨੂੰ ਅਸਲ ਹੀਰੋ ਕਹਿੰਦੇ ਹਨ ਪਰ ਅਫ਼ਸੋਸ ਸਰਕਾਰ ਉਨ੍ਹਾਂ ਨੂੰ ਹੀ ਭੁੱਲ ਗਈ।

ਇਹ ਵੀ ਪੜ੍ਹੋ : ਗਿਣਦੇ-ਗਿਣਦੇ ਮਸ਼ੀਨਾਂ ਵੀ ਹੋ ਗਈਆਂ ਖਰਾਬ, ਇਨਕਮ ਟੈਕਸ ਦੇ ਛਾਪੇ 'ਚ ਵੱਡੀ ਗਿਣਤੀ 'ਚ ਬਰਾਮਦ ਹੋਏ ਨੋਟ

ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਰੁਜ਼ਗਾਰ ਦੇ ਇਕਰਾਰਨਾਮੇ ਨੂੰ ਵਧਾਉਣ, ਪ੍ਰਸਤਾਵਿਤ ਪੈਨਸ਼ਨ ਕਟੌਤੀ ਦਾ ਵਿਰੋਧ ਕਰਨ ਤੇ ਦੇਸ਼ ਵਿਆਪੀ ਕਮੀ ਦੇ ਵਿਚਕਾਰ ਸਿਹਤ ਕਰਮਚਾਰੀਆਂ ਦੇ ਕਿੱਤੇ ਨੂੰ ਨੌਜਵਾਨ ਵਰਗ ਲਈ ਆਕਰਸ਼ਕ ਬਣਾਉਣ ਸਬੰਧੀ ਸਰਕਾਰ ਨੂੰ ਜ਼ੋਰਦਾਰ ਮੰਗ ਕੀਤੀ ਹੈ। ਇਟਲੀ ਦੀ ਸਿਹਤ ਸੰਭਾਲ ਪ੍ਰਣਾਲੀ ਹਾਲ ਹੀ 'ਚ ਦੁਨੀਆ ਦੇ ਸਭ ਤੋਂ ਉੱਤਮ ਪ੍ਰਬੰਧ ਦੀ ਮੋਹਰੀ ਹੈ, ਜੋ ਕਿ ਇਟਲੀ ਦੀ ਮੁੱਖ ਸੰਪਤੀ ਹੈ। ਬੇਸ਼ੱਕ ਬਹੁਤ ਸਾਰੇ ਡਾਕਟਰ ਸਿਹਤ ਸਿਸਟਮ ਦੇ ਭਵਿੱਖ ਪ੍ਰਤੀ ਚਿੰਤਕ ਹਨ। ਇਟਾਲੀਅਨ ਡਾਕਟਰਾਂ ਅਤੇ ਸਿਹਤ ਸੰਭਾਲ ਪ੍ਰਬੰਧਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਸਮਾਜ ਵਿੱਚ ਸਿਹਤ ਕਰਮਚਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਤੱਤਪਰ ਹਨ, ਜਿਸ ਸਬੰਧੀ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਰਕਾਰ ਬਜਟ ਬਿੱਲ 2024 ਨੂੰ ਚੰਗੀ ਤਰ੍ਹਾਂ ਪੜਚੋਲ ਕਰੇ ਤੇ ਫਿਰ ਲਾਗੂ ਕਰੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News