ਇਟਲੀ ’ਚ ਸ਼ਰਧਾ ਨਾਲ ਮਨਾਏ ਗਏ ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ

Saturday, Nov 06, 2021 - 06:21 PM (IST)

ਇਟਲੀ ’ਚ ਸ਼ਰਧਾ ਨਾਲ ਮਨਾਏ ਗਏ ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ

ਮਿਲਾਨ/ਇਟਲੀ (ਸਾਬੀ ਚੀਨੀਆ)-ਦੇਸ਼ ਵਿਦੇਸ਼ ’ਚ ਵਸਦੇ ਭਾਰਤੀਆਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਦਿਹਾੜੇ ਨੂੰ ਪੂਰੇ ਚਾਵਾਂ ਅਤੇ ਸ਼ਰਧਾ ਨਾਲ ਮਨਾਇਆ ਗਿਆ । ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ’ਚ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ, ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਲਾਤੀਨਾ, ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਰੋਮ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਂਤਰੀ ਰੋਮ ਅਤੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਲਾਤੀਨਾ ਆਦਿ ਵਿਖੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਗੁਰਬਾਣੀ ਦੇ ਜਾਪ ਕੀਤੇ ਗਏ, ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ ’ਚ ਵੱਖ-ਵੱਖ ਕੀਰਤਨੀ  ਜਥਿਆਂ ਵੱਲੋਂ ਗੁਰੂਘਰਾਂ ’ਚ ਇਕੱਤਰ ਹੋਈਆਂ ਸੰਗਤਾਂ ਨੂੰ ਬੰਦੀਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਬਾਰੇ ਕਥਾ, ਕੀਰਤਨ ਅਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਗੁਰੂਘਰਾਂ ’ਚ ਇਕੱਤਰ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਗੁਰਦੁਆਰਿਆਂ ’ਚ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਏ ਗਏ।

PunjabKesari

ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਸੰਗਤਾਂ ਵੱਲੋਂ ਇਸ ਇਤਿਹਾਸਕ ਦਿਹਾੜੇ ਮੌਕੇ ਗੁਰੂਘਰਾਂ ਵਿੱਚ ਦੀਪਮਾਲਾ ਅਤੇ ਮੋਮਬੱਤੀਆਂ ਜਗਾ ਕੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਬੀਤੇ ਸਾਲ ’ਚ ਜਿਥੇ ਭਾਰਤ ’ਚ ਕੋਰੋਨਾ ਮਹਾਮਾਰੀ ਕਾਰਨ ਭਾਰਤੀ ਭਾਈਚਾਰੇ ਦੇ ਇਤਿਹਾਸਿਕ ਤਿਉਹਾਰਾਂ ਦੇ ਰੰਗ ਫਿੱਕੇ ਪੈ ਗਏ ਸਨ, ਉਥੇ ਵਿਦੇਸ਼ਾਂ ’ਚ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਨੂੰ ਮਨਾਉਣ ਲਈ ਮਨਾਹੀ ਕੀਤੀ ਗਈ ਸੀ ਪਰ ਇਸ ਸਾਲ ਬਿਹਤਰ ਹਾਲਾਤ ਦੇ ਮੱਦੇਨਜ਼ਰ ਹਰ ਇਕ ਭਾਈਚਾਰੇ ਨੇ ਆਪੋ-ਆਪਣੇ ਇਤਿਹਾਸਕ ਤਿਉਹਾਰਾਂ ਨੂੰ ਮਨਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਇਟਲੀ ਦੇ ਗੁਰਦੁਆਰਿਆਂ ’ਚ ਵੀ ਇਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।
 


author

Manoj

Content Editor

Related News