ਹਾਂਗਕਾਂਗ ''ਚ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਹੋ ਰਿਹਾ ਹੈ ਮਤਦਾਨ
Sunday, Nov 24, 2019 - 01:03 PM (IST)

ਹਾਂਗਕਾਂਗ— ਹਾਂਗਕਾਂਗ 'ਚ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਹੋ ਰਹੀ ਹੈ, ਜਿਸ ਤੋਂ ਇਹ ਸੰਕੇਤ ਮਿਲੇਗਾ ਕਿ ਸਰਕਾਰ ਵਿਰੋਧੀ ਪ੍ਰਦਰਸ਼ਨ ਕਰ ਰਹੀ ਜਨਤਾ ਕਿਸ ਦਾ ਸਮਰਥਨ ਦੇ ਰਹੀ ਹੈ। ਸ਼ਹਿਰ 'ਚ 18 ਜ਼ਿਲਾ ਪ੍ਰੀਸ਼ਦਾਂ 'ਚ 452 ਸੀਟਾਂ ਲਈ ਵੋਟਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਜ਼ਿਲਾ ਪ੍ਰੀਸ਼ਦ ਵਿਆਪਕ ਤੌਰ 'ਤੇ ਸਲਾਹਕਾਰ ਹੁੰਦੇ ਹਨ ਅਤੇ ਉਨ੍ਹਾਂ ਕੋਲ ਬਹੁਤ ਘੱਟ ਸ਼ਕਤੀਆਂ ਹੁੰਦੀਆਂ ਹਨ ਪਰ ਇਸ ਚੋਣ ਦੀ ਸੰਕੇਤਿਕ ਅਹਿਮੀਅਤ ਬਹੁਤ ਜ਼ਿਆਦਾ ਹੈ। ਜੇਕਰ ਵਿਰੋਧੀ ਧਿਰ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਇਸ ਤੋਂ ਪਤਾ ਚੱਲੇਗਾ ਕਿ ਜਨਤਾ ਹੁਣ ਵੀ ਲੋਕਤੰਤਰ ਸਮਰਥਕ ਅੰਦੋਲਨਾਂ ਨਾਲ ਹੈ ਜਦਕਿ ਇਹ ਪ੍ਰਦਰਸ਼ਨ ਹਿੰਸਕ ਰੂਪ ਲੈ ਚੁੱਕੇ ਹਨ।
ਚੀਨ ਸਰਕਾਰ ਨੂੰ ਉਮੀਦ ਹੈ ਕਿ ਆਮ ਜਨਜੀਵਨ 'ਚ ਅਸ਼ਾਂਤੀ ਅਤੇ ਰੋਕ ਦੇ ਚੱਲਦਿਆਂ ਵੋਟਰ ਇਸ ਅੰਦੋਲਨ ਦੇ ਖਿਲਾਫ ਵੋਟ ਦੇਣਗੇ। ਹਾਂਗਕਾਂਗ ਦੇ ਮੁੱਖ ਸਕੱਤਰ ਮੈਥਿਊ ਚੇਉਂਗ ਨੇ ਕਿਹਾ ਕਿ ਇਹ ਵੋਟਾਂ ਅਸਲ ਲੋਕਤੰਤਰੀ ਪ੍ਰਕਿਰਿਆ ਹਨ ਅਤੇ ਮਤਦਾਨ ਕੇਂਦਰਾਂ 'ਤੇ ਭਾਰੀ ਗਿਣਤੀ 'ਚ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਨਾਲ ਇਹ ਨਿਸ਼ਚਿਤ ਹੋਵੇਗਾ ਕਿ ਚੋਣਾਂ ਸ਼ਾਂਤੀਪੂਰਣ ਹੋਣ।