ਡਾਇਮੰਡ ਸਪੋਰਟਸ ਕਲੱਬ ਵੱਲੋਂ ਪੰਜਵੀਂ ਮਲਟੀਕਲਚਰਲ ਐਥਲੈਟਿਕ ਮੀਟ ਦਾ ਆਯੋਜਨ
Monday, Sep 15, 2025 - 04:28 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਦੱਖਣ-ਪੂਰਬ ਮੈਲਬੌਰਨ ਦੇ ਕਰੇਨਬਰਨ ਖੇਤਰ ਵਿੱਚ ਸਥਿਤ ਕੇਸੀ ਖੇਡ ਮੈਦਾਨ ‘ਚ ਡਾਇਮੰਡ ਸਪੋਰਟਸ ਕਲੱਬ ਵੱਲੋਂ ਪੰਜਵੀਂ ਮਲਟੀਕਲਚਰਲ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਅਥਲੈਟਿਕ ਮੀਟ ਵਿੱਚ ਵੱਖ-ਵੱਖ ਖੇਡ ਕਲੱਬਾਂ ਅਤੇ ਭਾਇਚਾਰਿਆਂ ਦੇ 450 ਤੋਂ ਵੱਧ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
ਖੇਡਾਂ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਬਾਅਦ ਰਸਮੀ ਤੌਰ ‘ਤੇ ਕੀਤੀ ਗਈ, ਜਿਸ ਵਿੱਚ ਸਾਰੇ ਖਿਡਾਰੀ ਪਰੇਡ ਵਿੱਚ ਸ਼ਾਮਲ ਹੋਏ। ਇਸ ਅਥਲੈਟਿਕ ਮੀਟ ਦੀ ਵਿਸ਼ੇਸ਼ਤਾ ਇਹ ਰਹੀ ਕਿ 5 ਤੋਂ 85 ਸਾਲ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਦੋੜਾਂ ਵਿੱਚ 85 ਸਾਲ ਦੇ ਇੱਕ ਬਜ਼ੁਰਗ ਖਿਡਾਰੀ ਨੇ ਵੀ ਹਿੱਸਾ ਲਿਆ। ਇਸ ਐਥਲੈਟਿਕ ਮੀਟ ਮੁਕਾਬਲੇ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੀਆਂ ਦੌੜਾਂ ਦੇ ਨਾਲ-ਨਾਲ ਸ਼ਾਟ ਪੁਟ, ਡਿਸਕਸ, ਜੈਵਲਿਨ ਅਤੇ ਲਾਂਗ ਜੰਪ ਦੇ ਮੁਕਾਬਲੇ ਵੀ ਰੋਮਾਂਚਕ ਰਹੇ।
ਇਸ ਮੌਕੇ ‘ਤੇ ਕੇਸੀ ਕੌਂਸਲ ਦੇ ਮੇਅਰ ਸਟੈਫਾੱਨ ਕੂਮੈਨ ਮੁੱਖ ਮਹਿਮਾਨ ਤੇ ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੱਧੂ ਅਤੇ ਸਮਾਜ ਸੇਵੀ ਸਰਮੁਹਬੱਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਮੇਅਰ ਨੇ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਲਈ ਸਹਿਯੋਗ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਸਿਟੀ ਆਫ ਕੇਸੀ ਕੌਂਸਲ ਨੇ ਵੀ ਇਸ ਈਵੈਂਟ ਨੂੰ ਆਪਣੇ ਸਲਾਨਾ ਕਲੈਂਡਰ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਕੁਮੈਂਟਰੀ ਦੀ ਜਿੰਮੇਵਾਰੀ ਰਣਜੀਤ ਖੈੜਾ ਨੇ ਬਾਖੂਬੀ ਨਿਭਾਈ ਅਤੇ ਆਪਣੇ ਅਨੋਖੇ ਅੰਦਾਜ਼ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਡਾਇਮੰਡ ਸਪੋਰਟਸ ਕਲੱਬ ਦੇ ਮੁੱਖ ਕੋਚ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਸ਼ੁਰੂਆਤੀ ਐਥਲੀਟਾਂ ਵਿੱਚੋਂ ਕਈਆਂ ਨੇ ਨੈਸ਼ਨਲ ਪੱਧਰ ‘ਤੇ ਚੈਂਪੀਅਨ ਅਤੇ ਮੈਡਲਿਸਟ ਬਣਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਫਤਿਹਵੀਰ ਸਿੰਘ, ਫਤਿਹਦੀਪ ਸਿੰਘ ਅਤੇ ਜਪਲੀਨ ਕੋਰ ਦਾ ਜ਼ਿਕਰ ਕੀਤਾ ਜੋ ਅੰਡਰ-11 ਕੈਟਾਗਰੀ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਹਨ ਅਤੇ ਕੈਨਬਰਾ ਵਿੱਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵਿਕਟੋਰੀਆ ਦੀ ਨੁਮਾਇੰਦਗੀ ਕਰਨਗੇ। ਇਸ ਦੇ ਨਾਲ ਹੀ ਰਿਲੇਅ ਦੌੜ ਲਈ ਵੀ ਫਤਿਹਵੀਰ ਸਿੰਘ ਅਤੇ ਫਤਿਹਦੀਪ ਸਿੰਘ ਇੱਕੋ ਟੀਮ ਵਿੱਚ ਹਿੱਸਾ ਲੈਣਗੇ। ਔਲਖ ਨੇ ਕਿਹਾ ਕਿ ਇਹ ਸਾਡੀ ਮਾਣਮੱਤੀ ਪ੍ਰਾਪਤੀ ਹੈ ਕਿ ਲਿਟਲ ਐਥਲੈਟਿਕ ਦੀ ਸਟੇਟ ਚੈਂਪੀਅਨਸ਼ਿਪ ਤੋਂ ਬਾਅਦ ਇਹ ਈਵੈਂਟ ਵਿਕਟੋਰੀਆ ਦਾ ਦੂਜਾ ਸਭ ਤੋਂ ਵੱਡਾ ਅਥਲੈਟਿਕ ਈਵੈਂਟ ਬਣ ਗਿਆ ਹੈ।
ਡਾਇਮੰਡ ਸਪੋਰਟਸ ਕਲੱਬ ਦੇ ਪ੍ਰਧਾਨ ਮਨੀ ਸਲੇਮਪੁਰਾ ਨੇ ਆਏ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖ ਵਲੰਟੀਅਰਜ਼ ਵੱਲੋਂ ਲੰਗਰ ਸੇਵਾ ਵੀ ਪ੍ਰਦਾਨ ਕੀਤੀ ਗਈ। ਇਸ ਮੀਟ ਨੂੰ ਕਾਮਯਾਬ ਬਣਾਉਣ ਵਿੱਚ ਜਸਤਿੰਦਰ ਸਰਾਂ, ਸੁਖਦੀਪ ਮਿੱਠਾ, ਜਤਿੰਦਰ ਸਿੰਘ, ਅਮਨਦੀਪ ਕੌਰ, ਨਾਨਕ ਸਿੰਘ, ਗੁਲਸ਼ਨ ਗੋਰਾਇਆ, ਪ੍ਰੀਤ ਗੋਰਾਇਆ, ਬਲਤੇਜ ਬਰਾੜ, ਸੁਬੇਗ ਸਿੰਘ, ਪ੍ਰਦੀਪ ਸਿਬੀਆ, ਰਣਬੀਰ ਸੰਧੂ, ਕੁਲਦੀਪ ਬਾਜਵਾ, ਗੁਰਵੀਰ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਅਮਰਕੋਟ, ਰਜਿੰਦਰ ਕੌਰ, ਰਮਨਦੀਪ ਕੌਰ, ਪੁਨੀਤ ਕੌਰ, ਨਵਪ੍ਰੀਤ, ਕਵਿੰਦਰ ਸਿੰਘ, ਮਨਪ੍ਰੀਤ ਕੌਰ, ਪਵਨੀਤ ਕੌਰ ਸਮੇਤ ਵੱਖ-ਵੱਖ ਖੇਡ ਕਲੱਬਾਂ, ਕੋਚਾਂ, ਖਿਡਾਰੀਆਂ ਅਤੇ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਸ਼ਾਮਲ ਹੈ।