ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਵੱਲੋਂ ਜਨਮੇਜਾ ਸਿੰਘ ਜੌਹਲ ਤੇ ਕਿਰਪਾਲ ਪੂੰਨੀ ਨਾਲ ਸਾਹਿਤਕ ਮਿਲਣੀ ਆਯੋਜਿਤ
Monday, Sep 29, 2025 - 08:34 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਗਲੋਬਲ ਇੰਸਟੀਚਿਊਟ ਬ੍ਰਿਸਬੇਨ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਸਾਹਿਤਕਾਰ, ਫ਼ੋਟੋਗ੍ਰਾਫ਼ਰ ਤੇ ਚਿੱਤਰਕਾਰ ਜਨਮੇਜਾ ਸਿੰਘ ਜੌਹਲ, ਇੰਗਲੈਂਡ ਤੋਂ ਸਾਹਿਤਕਾਰ ਕਿਰਪਾਲ ਸਿੰਘ ਪੂੰਨੀ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਜਨਮੇਜਾ ਜੌਹਲ ਜੋ ਖ਼ਾਸ ਤੌਰ ’ਤੇ ਬਾਲ ਸਾਹਿਤ ਲਈ ਜਾਣੇ ਜਾਂਦੇ ਹਨ ਬਾਬਤ ਪੰਜਾਬੀ ਚਿੰਤਕ ਇਕਬਾਲ ਸਿੰਘ ਧਾਮੀ ਨੇ ਉਨ੍ਹਾਂ ਦੇ ਵਿਅਕਤੀਗਤ ਤੇ ਸਾਹਿਤਕ ਜੀਵਨ ‘ਤੇ ਉਸਾਰੂ ਝਾਤ ਪਾਈ।
ਜਨਮੇਜਾ ਸਿੰਘ ਜੌਹਲ ਨੇ ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਲਈ ਗੁਹਾਰ ਲਗਾਉਂਦਿਆਂ ਮਨੁੱਖੀ ਸੋਚ ਨੂੰ ਉੱਚਾ-ਸੁੱਚਾ ਕਰਨ ‘ਤੇ ਜ਼ੋਰ ਦਿੱਤਾ ਅਤੇ ਸਮੁੱਚੀ ਮਨੁੱਖਤਾ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਆ। ਸਮਾਗਮ ਦੌਰਾਨ ਉਨ੍ਹਾਂ ਆਪਣੀਆਂ ਰਚਨਾਵਾਂ ਦੀ ਪਿੱਠਭੂਮੀ ਅਤੇ ਉਸ ਦੀ ਸਿਰਜਣਾਤਮਕ ਪ੍ਰਕਿਰਿਆ ਬਾਰੇ ਵੀ ਚਰਚਾ ਕੀਤੀ। ਕਿਰਪਾਲ ਸਿੰਘ ਪੂੰਨੀ ਨੇ ਬ੍ਰਿਸਬੇਨ ਸ਼ਹਿਰ ‘ਚ ਚੱਲ ਰਹੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਦੀ ਪ੍ਰੋੜ੍ਹਤਾ ਕੀਤੀ। ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਸ਼ਾਇਰ ਸ਼ਮੀ ਜਲੰਧਰੀ ਦੀ ਕਿਤਾਬ ‘ਉਹ ਪਹਿਲੀ ਮੁਹੱਬਤ’ ਦਾ ਲੋਕ ਅਰਪਣ ਸੀ, ਜਿਸ ਨੂੰ ਸਰੋਤਿਆਂ ਨੇ ਬਹੁਤ ਸਰਾਹਿਆ। ਗ਼ਜ਼ਲਗੋ ਜਸਵੰਤ ਵਾਗਲਾ ਵੱਲੋਂ ਸ਼ਮੀ ਦੀ ਇਸ ਤੀਸਰੀ ਕਿਤਾਬ ‘ਤੇ ਪਾਰਖੂ ਤਵਸਰਾ ਕੀਤਾ। ਇਸ ਸਮਾਗਮ ਵਿੱਚ ਬਹੁਤ ਸਾਰੇ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਰੀਤੀਕਾ ਅਹੀਰ ਦੀ ਕਵਿਤਾ ਸਮਾਜਿਕ ਸੁਨੇਹਾ ਦੇਣ ‘ਚ ਸਫ਼ਲ ਰਹੀ। ਗੀਤਕਾਰ ਰੱਤੂ ਰੰਧਾਵਾ ਦੇ ਗੀਤ ‘ਦੁਨੀਆ’ ਨੇ ਮਨਾਂ ਨੂੰ ਟੁੰਬਿਆ। ਨਰਿੰਦਰ ਸਿੰਘ ਦੀ ਕਵਿਤਾ ‘ਆਦਤ’ ਨੇ ਮਨੁੱਖੀ ਚਲਾਕੀਆਂ ਨੂੰ ਰੂਪਮਾਨ ਕੀਤਾ।
ਬ੍ਰਿਸਬੇਨ ਗੁਰੂਘਰ ਤੋਂ ਸ. ਜਸਜੋਤ ਸਿੰਘ ਨੇ ਕਵਿਤਾਵਾਂ ਨੂੰ ਮਨੁੱਖੀ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਚੰਗਾ ਢੰਗ ਦੱਸਿਆ। ਪੰਜਾਬੀ ਭਾਸ਼ਾ ਪ੍ਰੇਮੀ ਕੁਲਜੀਤ ਖੋਸਾ ਨੇ ਇਕ ਕਹਾਣੀ ਰਾਹੀਂ ਸਮਾਜਿਕ ਸੁਨੇਹਾ ਦਿੱਤਾ। ਟਿੱਪਣੀਕਾਰ ਦਲਜੀਤ ਸਿੰਘ ਨੇ ਪ੍ਰੋ: ਮੋਹਨ ਸਿੰਘ ਦੀ ਕਵਿਤਾ ‘ਛੱਤੋ ਦੀ ਬੇਰੀ’ ਰਾਹੀਂ ਮਨੁੱਖੀ ਬਚਪਨ ਨੂੰ ਰੂਪਮਾਨ ਕੀਤਾ। ਗਾਇਕ ਪਰਮਿੰਦਰ ਨੇ ਕਵਿਤਾ ‘ਦੇਰੀ’ ਰਾਹੀਂ ਸਮੇਂ ਦੀ ਸਚਾਈ ਨੂੰ ਬਿਆਨਿਆ। ਗਾਇਕ ਤੇ ਲੇਖਕ ਗੁਰਜਿੰਦਰ ਸਿੰਘ ਸੰਧੂ ਦੀ ਰਚਨਾ ‘ਹਾਲ ਫ਼ਕੀਰਾਂ ਦਾ’ ਝੰਜੋੜ ਗਈ। ਸਮਾਜ ਸੇਵੀ ਅਤੇ ਤਰਕਸ਼ੀਲ ਮਨਜੀਤ ਬੋਪਾਰਾਏ ਨੇ ਆਪਣੀ ਹਥਲੀ ਕਿਤਾਬ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਬਾਰੇ ਅਹਿਮ ਖੁਲਾਸੇ ਕੀਤੇ ਅਤੇ ਤਰਕਸ਼ੀਲਤਾ ਨੂੰ ਸਮੇਂ ਦੀ ਮੰਗ ਦੱਸਿਆ। ਹਰਮਨਦੀਪ ਗਿੱਲ ਵੱਲੋਂ ਵਿਸ਼ਵ ‘ਚ ਚੱਲ ਰਹੀਆਂ ‘ਐਂਟੀ ਇਮੀਗ੍ਰੇਸ਼ਨ’ ਰੈਲੀਆਂ ਦੀਆਂ ਬਰੀਕੀਆਂ ਤੋਂ ਪਰਦਾ ਚੁੱਕਿਆ ਅਤੇ ਇਹਨਾਂ ਤਾਕਤਾਂ ਨੂੰ ਸਮਾਜ ਵਿਰੋਧੀ ਦੱਸਿਆ। ਦਿਨੇਸ਼ ਸ਼ੇਖੂਪੁਰੀਆ ਨੇ ਆਪਣੀ ਵਿਲੱਖਣ ਕਵਿਤਾ ਕਲਾ ਨਾਲ ਚੰਗਾ ਰੰਗ ਬੰਨ੍ਹਿਆ। ਪ੍ਰਧਾਨ ਜਸਕਰਨ ਸ਼ੀਹ ਅਨੁਸਾਰ ਸਭਾ ਅਜਿਹੇ ਸਮਾਗਮਾਂ ਰਾਹੀਂ ਪਰਦੇਸ ਵਿੱਚ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦਾ ਯਤਨ ਕਰ ਰਹੀ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ।
ਇਸ ਸਮਾਗਮ ‘ਚ ਪੰਜਾਬੀ ਸਾਹਿਤ, ਕਵਿਤਾ ਅਤੇ ਸੱਭਿਆਚਾਰਕ ਵਿਚਾਰ-ਵਟਾਂਦਰੇ ਨੇ ਸਰੋਤਿਆਂ ਦਾ ਮਨ ਮੋਹਿਆ। ਇਸ ਬੈਠਕ ‘ਚ ਹੋਰਨਾਂ ਤੋਂ ਇਲਾਵਾ ਕੁਲਜੀਤ ਖੋਸਾ, ਜੈਪਾਲ ਸਿੰਘ ਬਰਾੜ,ਬਲਵਿੰਦਰ ਮੋਰੋਂ, ਜਤਿੰਦਰ ਕੌਰ, ਦਲਜੀਤ ਸਿੰਘ, ਨਵਦੀਪ ਸਿੰਘ, ਹਰਮਨਦੀਪ ਗਿੱਲ, ਵਰਿੰਦਰ ਅਲੀਸ਼ੇਰ, ਇਕਬਾਲ ਸਿੰਘ ਧਾਮੀ, ਮਨਜੀਤ ਬੋਪਾਰਾਏ, ਗੁਰਜਿੰਦਰ ਸੰਧੂ, ਰੀਤੀਕਾ ਅਹੀਰ, ਜਸਕਰਨ ਸ਼ੀਹ, ਜਸਵੰਤ ਵਾਗਲਾ, ਦਲਜੀਤ ਸਿੰਘ, ਜਸਜੋਤ ਸਿੰਘ, ਦਿਨੇਸ਼ ਸ਼ੇਖੂਪੁਰੀਆ, ਨਰਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਵਰਿੰਦਰ ਅਲੀਸ਼ੇਰ ਵੱਲੋਂ ਬਾਖੂਬੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e