ਇਮਰਾਨ ''ਤੇ ਅਸਤੀਫੇ ਦਾ ਦਬਾਅ ਵਧਾਉਣ ਲਈ ਪਾਕਿਸਤਾਨ ''ਚ ਕੀਤਾ ਜਾਵੇਗਾ ਪ੍ਰਦਰਸ਼ਨ
Wednesday, Nov 13, 2019 - 11:23 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਤੇਜ਼ਤਰਾਰ ਮੌਲਾਨਾ ਅਤੇ ਰਾਜਨੀਤਕ ਨੇਤਾ ਫਜ਼ਲੁਰਹਿਮਾਨ ਨੇ ਇਸਲਾਮਾਬਾਦ ਵਿਚ ਤਕਰੀਬਨ ਦੋ ਹਫਤੇ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਬੁੱਧਵਾਰ ਨੂੰ ਖਤਮ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਅਸਤੀਫੇ ਦਾ ਦਬਾਅ ਵਧਾਉਣ ਲਈ ਹੁਣ ਪੂਰੇ ਦੇਸ਼ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ। ਜਮੀਅਤ ਉਲੇਮਾ-ਏ-ਇਸਲਾਮ (ਜੇ.ਯੂ.ਆਈ.-ਐਫ) ਦੇ ਮੁਖੀ ਰਹਿਮਾਨ ਨੇ ਇਥੇ ਆਜ਼ਾਦੀ ਮਾਰਚ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਹੁਣ ਪ੍ਰਦਰਸ਼ਨ ਦੀ ਦੂਜੀ ਯੋਜਨਾ 'ਤੇ ਕੰਮ ਕਰਨ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਅਤੇ ਨਵੀਆਂ ਚੋਣਾਂ ਕਰਵਾਉਣ ਲਈ ਮੁੱਖ ਰਾਜਮਾਰਗਾਂ ਅਤੇ ਸੜਕਾਂ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਆਜ਼ਾਦੀ ਮਾਰਚ ਦੀ ਦੂਜੀ ਯੋਜਨਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਦੁਪਹਿਰ 2 ਵਜੇ ਤੱਕ ਨਾ ਸਿਰਫ ਦੇਸ਼ ਦੇ ਮੁੱਖ ਰਾਜਮਾਰਗਾਂ ਸਗੋਂ ਸੜਕਾਂ ਅਤੇ ਗਲੀਆਂ ਵਿਚ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਫੀ ਕਮਜ਼ੋਰ ਹੋ ਚੁੱਕੀ ਹੈ ਅਤੇ ਉਸ ਨੂੰ ਉਖਾੜਣ ਲਈ ਹਲਕਾ ਜਿਹਾ ਧੱਕਾ ਦੇਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਘਰਾਂ ਵਿਚ ਵਾਪਸ ਜਾਣ ਲਈ ਕਿਹਾ। ਰਹਿਮਾਨ ਨੇ ਕਿਹਾ ਕਿ ਉਹ ਪਰ ਆਰਾਮ ਨਾਲ ਬੈਠਣ ਕਿਉਂਕਿ ਉਨ੍ਹਾਂ ਨੂੰ ਆਪਣੇ ਸਬੰਧਿਤ ਖੇਤਰਾਂ ਵਿਚ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਜੇਯੂਆਈ-ਐਫ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ 2018 ਦੀਆਂ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਤੋਂ ਅਸਤੀਫਾ ਮੰਗਿਆ ਸੀ। ਇਸ ਦੇ ਲਈ ਉਸ ਨੇ 27 ਅਕਤੂਬਰ ਨੂੰ ਇਸਲਾਮਾਬਾਦ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ, ਜਿਸ ਨੂੰ ਵਿਰੋਧੀ ਧਿਰਾਂ ਦੀ ਹਮਾਇਤ ਮਿਲੀ।