ਸਕਾਟਲੈਂਡ 'ਚ ਸ੍ਰੀਮਤੀ ਸਵਰਨ ਕੌਰ ਚੌਧਰੀ ਬ੍ਰਿਟਿਸ਼ ਐਂਪਾਇਰ ਮੈਡਲ ਨਾਲ ਸਨਮਾਨਿਤ
Tuesday, Jul 26, 2022 - 10:28 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਾਮੱਤੇ ਕਾਰਜਾਂ ਦੀ ਲੜੀ ਦਿਨੋਂ ਦਿਨ ਲੰਮੀ ਹੁੰਦੀ ਜਾ ਰਹੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਲੱਕ ਬੰਨ੍ਹ ਕੇ ਤੁਰੇ ਮਰਦ-ਔਰਤਾਂ ਨਵੇਂ ਦਿਸਹੱਦੇ ਸਿਰਜ ਰਹੇ ਹਨ। ਗਲਾਸਗੋ ਦੀ ਝੋਲੀ ਇੱਕ ਹੋਰ ਵਡੇਰਾ ਮਾਣ ਇਹ ਪਿਆ ਹੈ ਕਿ ਸ੍ਰੀਮਤੀ ਸਵਰਨ ਕੌਰ ਚੌਧਰੀ ਨੂੰ ਕਿਡਨੀ ਰਿਸਰਚ ਯੂਕੇ ਰਾਹੀਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਸ਼ਕਾਮ ਅਤੇ ਵਿਲੱਖਣ ਸੇਵਾਵਾਂ ਪ੍ਰਦਾਨ ਕਰਨ ਬਦਲੇ ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਤਰਫੋਂ ਬ੍ਰਿਟਿਸ਼ ਐਂਪਾਇਰ ਮੈਡਲ (ਬੀ.ਈ.ਐੱਮ.) ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਸਵਰਨ ਕੌਰ ਚੌਧਰੀ ਪਿਛਲੇ ਲੰਬੇ ਸਮੇਂ ਤੋਂ ਕਿਡਨੀ ਰਿਸਰਚ ਯੂਕੇ ਨਾਲ ਮਿਲ ਕੇ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਦੇ ਆ ਰਹੇ ਹਨ। ਉਹਨਾਂ ਇਹ ਕਾਰਜ ਸਿਰਫ਼ ਸਿੱਖ ਭਾਈਚਾਰੇ ਤੱਕ ਹੀ ਸੀਮਤ ਨਹੀਂ ਰੱਖੇ, ਸਗੋਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨਾਲ ਵੀ ਰਾਬਤਾ ਬਣਾ ਕੇ ਜਾਗਰੂਕਤਾ ਦਾ ਪਸਾਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਹਨਾਂ ਅਣਥੱਕ ਸੇਵਾਵਾਂ ਦੀ ਬਦੌਲਤ ਹੀ ਉਹਨਾਂ ਦੀ ਚੋਣ ਇਸ ਵੱਕਾਰੀ ਮੈਡਲ ਲਈ ਹੋਈ ਹੈ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀ
ਇੱਥੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਦੇ ਪਤੀ ਸ੍ਰ. ਸੁਰਜੀਤ ਸਿੰਘ ਚੌਧਰੀ ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਪ੍ਰਸਿੱਧ ਸੈਂਟਰਲ ਗੁਰਦਆਰਾ ਸਿੰਘ ਸਭਾ ਗਲਾਸਗੋ ਵਿਚ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਚੌਧਰੀ ਪਰਿਵਾਰ ਦੀਆਂ ਪ੍ਰਾਪਤੀਆਂ ਵਿੱਚ ਬ੍ਰਿਟਿਸ਼ ਐਂਪਾਇਰ ਮੈਡਲ ਦਾ ਵਾਧਾ ਹੋਣ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ੍ਰੀਮਤੀ ਸਵਰਨ ਕੌਰ ਚੌਧਰੀ ਤੇ ਸ੍ਰ. ਸੁਰਜੀਤ ਸਿੰਘ ਚੌਧਰੀ ਵੱਲੋਂ ਜਿੱਥੇ ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੋਇਮ ਦਾ ਧੰਨਵਾਦ ਕੀਤਾ ਗਿਆ, ਉੱਥੇ ਉਹਨਾਂ ਵਿਸਵਾਸ਼ ਦਿੱਤਾ ਕਿ ਉਹ ਆਖਰੀ ਸਾਹ ਤੱਕ ਸਮਾਜ ਸੇਵਾ ਕਾਰਜਾਂ ਨੂੰ ਪ੍ਰਣਾਏ ਰਹਿਣਗੇ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।