ਕੀ 26 ਤਾਰੀਖ਼ ਨੂੰ ਹੋਣ ਵਾਲੀ ਮੀਟਿੰਗ ’ਚ ‘Covaxin’ ਨੂੰ ਮਿਲੇਗੀ ਮਨਜ਼ੂਰੀ? ਜਾਣੋ WHO ਦਾ ਬਿਆਨ
Friday, Oct 22, 2021 - 05:06 PM (IST)
ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਕਿਸੇ ਟੀਕੇ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਲਈ ਟੀਕੇ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਅਤੇ ਇਸ ਦੀ ਸਿਫਾਰਸ਼ ਕਰਨ ਦੀ ਪ੍ਰਕਿਰਿਆ ਵਿਚ ਕਦੇ-ਕਦੇ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਦੁਨੀਆ ਨੂੰ ਸਹੀ ਸਲਾਹ ਦਿੱਤੀ ਜਾਵੇ, 'ਭਾਵੇਂ ਹੀ ਇਸ ਵਿਚ ਇਕ ਜਾਂ 2 ਹਫ਼ਤੇ ਹੋਰ ਲੱਗ ਜਾਣ'। ਭਾਰਤ ਵਿਚ ਬਣੇ ਕੋਵਿਡ-19 ਰੋਕੂ 'ਕੋਵੈਕਸਿਨ' ਟੀਕੇ ਨੂੰ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਕਰਨ ਵਾਲੇ ਟੀਕਿਆਂ ਦੀ ਸੂਚੀ 'ਚ ਸ਼ਾਮਲ ਕਰਨ ਦੇ ਫੈਸਲੇ ਦੇ ਲੰਬਿਤ ਹੋਣ ਦਰਮਿਆਨ ਬਲਯੂ.ਐੱਚ.ਓ. ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਮਾਈਕ ਰਿਆਨ ਨੇ ਇਹ ਬਿਆਨ ਦਿੱਤਾ। ਰਿਆਨ ਨੇ ਇਕ ਆਨਲਾਈਨ ਸਵਾਲ-ਜਵਾਬ ਸੈਸ਼ਨ ਦੌਰਾਨ ਕੀਤੇ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ 26 ਅਕਤੂਬਰ ਤੱਕ 'ਕੋਵੈਕਸਿਨ' ਨੂੰ ਟੀਕਿਆਂ ਦੀ ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐੱਲ.) ਵਿਚ ਸ਼ਾਮਲ ਕਰਨ ਦਾ ਕੋਈ ਪੱਕਾ ਜਵਾਬ ਮਿਲ ਸਕੇਗਾ।
ਇਹ ਵੀ ਪੜ੍ਹੋ : ਕਤਰ ’ਚ ਰਹਿੰਦੇ ਭਾਰਤੀ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਹ ਨਵਾਂ ਕਾਨੂੰਨ ਜਲਦ ਹੋਵੇਗਾ ਲਾਗੂ
ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਡਬਲਯੂ.ਐੱਚ.ਓ. ਭਾਰਤ ਦੇ 'ਭਾਰਤ ਬਾਇਓਟੈਕ' ਵੱਲੋਂ ਬਣਾਏ ਗਏ ਕੋਵਿਡ-19 ਰੋਕੂ ਟੀਕੇ 'ਕੋਵੈਕਸਿਨ' ਨੂੰ ਐਮਰਜੈਂਸੀ ਵਰਤੋਂ ਲਈ ਟੀਕਿਆਂ ਦੀ ਸੂਚੀ ਵਿਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਅਤੇ ਤਕਨੀਕੀ ਸਲਾਹਕਾਰ ਸਮੂਹ 26 ਅਕਤੂਬਰ ਨੂੰ ਇਕ ਮੀਟਿੰਗ ਕਰੇਗਾ। ਇਸ ਹਫ਼ਤੇ ਗਲੋਬਲ ਹੈਲਥ ਆਰਗੇਨਾਈਜੇਸ਼ਨ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਉਹ 'ਭਾਰਤ ਬਾਇਓਟੈਕ' ਦੇ ਟੀਕੇ 'ਕੋਵੈਕਸਿਨ' ਦੇ ਸੰਬੰਧ ਵਿਚ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਉਮੀਦ ਕਰ ਰਿਹਾ ਹੈ। ਡਬਲਯੂ.ਐੱਚ.ਓ. ਨੇ ਟਵੀਟ ਕੀਤਾ ਸੀ, 'ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਕੋਵਿਡ-19 ਦੇ ਵਿਰੁੱਧ ਐਮਰਜੈਂਸੀ ਟੀਕਿਆਂ ਦੀ ਸੂਚੀ ਵਿਚ ਕੋਵੈਕਸੀਨ ਨੂੰ ਸ਼ਾਮਲ ਕਰਨ ਲਈ ਡਬਲਯੂ.ਐੱਚ.ਓ. ਦੀ ਸਿਫਾਰਸ਼ ਦੀ ਉਡੀਕ ਕਰ ਰਹੇ ਹਨ, ਪਰ ਅਸੀਂ ਕਾਹਲੀ ਵਿਚ ਅਜਿਹਾ ਨਹੀਂ ਕਰ ਸਕਦੇ, ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਲਈ ਕਿਸੇ ਉਤਪਾਦ ਦੀ ਸਿਫਾਰਸ਼ ਕਰਨ ਤੋਂ ਪਹਿਲਾਂ, ਇਹ ਯਕੀਨੀ ਕਰਨ ਲਈ ਇਸ ਦਾ ਚੰਗੀ ਤਰ੍ਹਾਂ ਨਾਲ ਮੁਲਾਂਕਣ ਕਰਨਾ ਹੋਵੇਗਾ ਕਿ ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।' ਉਸ ਨੇ ਇਹ ਵੀ ਕਿਹਾ ਸੀ ਕਿ ਭਾਰਤ ਬਾਇਓਟੈਕ ਡਬਲਯੂ.ਐੱਚ.ਓ. ਨੂੰ ਨਿਯਮਤ ਅਧਾਰ 'ਤੇ ਡਾਟਾ ਪ੍ਰਦਾਨ ਕਰ ਰਿਹਾ ਹੈ ਅਤੇ ਡਬਲਯੂ.ਐੱਚ.ਓ. ਦੇ ਮਾਹਰਾਂ ਨੇ ਇਨ੍ਹਾਂ ਅੰਕੜਿਆਂ ਦੀ ਸਮੀਖਿਆ ਕੀਤੀ ਹੈ ਅਤੇ ਉਨ੍ਹਾਂ ਨੂੰ ਵਾਧੂ ਜਾਣਕਾਰੀ ਮਿਲਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ਼ ਦੱਸਦੀ ਰਹੀ ਐਂਕਰ, ਸਕ੍ਰੀਨ ’ਤੇ ਚੱਲਣ ਲੱਗ ਪਈ ਅਸ਼ਲੀਲ ਫ਼ਿਲਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।