ਤੁਰਕੀ-ਸੀਰੀਆ ''ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 41,000 ਤੋਂ ਪਾਰ, 13 ਹਜ਼ਾਰ ਤੋਂ ਵੱਧ ਲੋਕ ਹਸਪਤਾਲਾਂ ''ਚ ਦਾਖਲ

Friday, Feb 17, 2023 - 03:24 AM (IST)

ਤੁਰਕੀ-ਸੀਰੀਆ ''ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 41,000 ਤੋਂ ਪਾਰ, 13 ਹਜ਼ਾਰ ਤੋਂ ਵੱਧ ਲੋਕ ਹਸਪਤਾਲਾਂ ''ਚ ਦਾਖਲ

ਇੰਟਰਨੈਸ਼ਨਲ ਡੈਸਕ : ਭਾਰਤ ਸਮੇਤ ਦੁਨੀਆ ਭਰ ਤੋਂ ਤੁਰਕੀ ਪਹੁੰਚੇ ਬਚਾਅ ਦਲ ਕੜਾਕੇ ਦੀ ਠੰਡ 'ਚ ਲਗਾਤਾਰ ਲੋਕਾਂ ਨੂੰ ਲੱਭਣ 'ਚ ਲੱਗੇ ਹੋਏ ਹਨ। ਇਸ ਖ਼ਤਰਨਾਕ ਭੂਚਾਲ 'ਚ ਹਜ਼ਾਰਾਂ ਘਰ ਢਹਿ-ਢੇਰੀ ਹੋ ਗਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਪਿਛਲੇ ਹਫ਼ਤੇ ਆਏ ਭੂਚਾਲ ਕਾਰਨ ਦੇਸ਼ 'ਚ ਹੁਣ ਤੱਕ 35,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 100 ਸਾਲ ਪਹਿਲਾਂ ਦੇਸ਼ ਦੀ ਸਥਾਪਨਾ ਤੋਂ ਬਾਅਦ ਇਹ ਸਭ ਤੋਂ ਘਾਤਕ ਤਬਾਹੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਸਿੱਖ ਔਰਤ ਬਣੀ ਜੱਜ, ਜਾਣੋ ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ?

ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਮਲਬੇ ਨੂੰ ਹਟਾਉਣ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਬੇਘਰ ਹੋਏ ਹਜ਼ਾਰਾਂ ਲੋਕਾਂ ਵਿੱਚੋਂ ਕਈ ਅਜੇ ਵੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ 'ਚ ਕੜਾਕੇ ਦੀ ਠੰਡ ਉਨ੍ਹਾਂ ਲਈ ਹੋਰ ਮੁਸੀਬਤ ਖੜ੍ਹੀ ਕਰ ਰਹੀ ਹੈ। ਤੁਰਕੀ 'ਚ 1939 ਦੇ ਅਰਜਿਨਕਨ ਭੂਚਾਲ ਵਿੱਚ ਲਗਭਗ 33,000 ਲੋਕ ਮਾਰੇ ਗਏ ਸਨ। ਇਹ ਸੰਖਿਆ ਹਾਲੀਆ ਭੂਚਾਲਾਂ ਵਿੱਚ ਹੋਈਆਂ ਮੌਤਾਂ ਦੀ ਪੁਸ਼ਟੀ ਦੇ ਅੰਕੜਿਆਂ ਵਿੱਚ ਪਿੱਛੇ ਰਹਿ ਗਈ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ: ਆਇਰਲੈਂਡ, ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਜਿੱਥੇ ਸੱਪ ਨਹੀਂ ਹੁੰਦੇ

PunjabKesari

ਏਰਦੋਗਨ ਨੇ ਕਿਹਾ ਕਿ 6 ਫਰਵਰੀ ਨੂੰ ਕਾਹਰਾਮਨਮਾਰਸ ਅਤੇ ਇਸ ਤੋਂ ਬਾਅਦ ਦੇ ਝਟਕਿਆਂ ਦੇ ਨਤੀਜੇ ਵਜੋਂ 1,05,505 ਲੋਕ ਜ਼ਖ਼ਮੀ ਹੋਏ ਸਨ। ਗੁਆਂਢੀ ਦੇਸ਼ ਸੀਰੀਆ ਵਿੱਚ ਕਰੀਬ 3,700 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਦੋਵਾਂ ਦੇਸ਼ਾਂ 'ਚ ਮਰਨ ਵਾਲਿਆਂ ਦੀ ਕੁਲ ਗਿਣਤੀ 41,000 ਨੂੰ ਪਾਰ ਕਰ ਗਈ ਹੈ। ਭੂਚਾਲ ਨੂੰ 'ਸਦੀ ਦੀ ਆਫ਼ਤ' ਦੱਸਦਿਆਂ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ 13,000 ਤੋਂ ਵੱਧ ਲੋਕ ਅਜੇ ਵੀ ਹਸਪਤਾਲਾਂ 'ਚ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ "ਸਿਰਫ਼ ਔਰਤਾਂ ਲਈ ਪਾਰਕਿੰਗ" ਸਿਸਟਮ ਨੂੰ ਹਟਾਇਆ

ਮਦਦ ਲਈ ਅੱਗੇ ਆਇਆ ਭਾਰਤ

ਭਾਰਤ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ ਐਮਰਜੈਂਸੀ ਰਾਹਤ ਸਹਾਇਤਾ ਵਜੋਂ 7 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜੀਵਨ-ਰੱਖਿਅਕ ਦਵਾਈਆਂ, ਸੁਰੱਖਿਆ ਉਪਕਰਨ, ਗੰਭੀਰ ਸਿਹਤ ਸੰਭਾਲ ਉਪਕਰਨ ਭੇਜੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤੁਰਕੀ ਅਤੇ ਸੀਰੀਆ ਨੂੰ ਭੇਜੀ ਗਈ ਐਮਰਜੈਂਸੀ ਰਾਹਤ ਸਮੱਗਰੀ ਅਤੇ ਸਬੰਧਤ ਯਤਨਾਂ ਬਾਰੇ ਗੱਲ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ, "ਭਾਰਤ ਵਸੁਧੈਵ ਕੁਟੰਬਕਮ ਦੇ ਸੰਕਲਪ ਨਾਲ ਸੀਰੀਆ ਅਤੇ ਤੁਰਕੀ ਦੀ ਮਦਦ ਕਰ ਰਿਹਾ ਹੈ।"

ਇਹ ਵੀ ਪੜ੍ਹੋ : ਨੇਪਾਲ 'ਚ MP ਦੇ ਘਰ 'ਚ ਬਲਾਸਟ; ਮਾਂ ਦੀ ਮੌਤ, ਗੰਭੀਰ ਹਾਲਤ 'ਚ ਸੰਸਦ ਮੈਂਬਰ ਦਾ ਮੁੰਬਈ 'ਚ ਕੀਤਾ ਜਾਵੇਗਾ ਇਲਾਜ

PunjabKesari

ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਮਨੁੱਖੀ ਸਹਾਇਤਾ ਦੇ ਯਤਨਾਂ ਦੇ ਹਿੱਸੇ ਵਜੋਂ ਤੁਰਕੀ ਅਤੇ ਸੀਰੀਆ ਨੂੰ ਜੀਵਨ ਬਚਾਉਣ ਵਾਲੀਆਂ ਐਮਰਜੈਂਸੀ ਦਵਾਈਆਂ, ਸੁਰੱਖਿਆ ਸਮੱਗਰੀ, ਮੈਡੀਕਲ ਉਪਕਰਨ, ਨਾਜ਼ੁਕ ਸਿਹਤ ਸੰਭਾਲ ਉਪਕਰਨ ਆਦਿ ਪ੍ਰਦਾਨ ਕਰ ਰਿਹਾ ਹੈ। ਮੰਤਰਾਲੇ ਦੇ ਬਿਆਨ ਅਨੁਸਾਰ, 6 ਫਰਵਰੀ ਨੂੰ 12 ਘੰਟਿਆਂ ਦੇ ਅੰਦਰ ਹਿੰਡਨ ਹਵਾਈ ਅੱਡੇ ਤੋਂ ਐਮਰਜੈਂਸੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੇ ਸੁਰੱਖਿਆ ਸਮੱਗਰੀ ਸਮੇਤ ਰਾਹਤ ਸਮੱਗਰੀ ਦੇ ਤਿੰਨ ਟਰੱਕ ਭੇਜੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News