ਉੱਤਰ-ਪੱਛਮੀ ਪਾਕਿਸਤਾਨ ’ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 307 ਹੋਈ

Sunday, Aug 17, 2025 - 12:14 AM (IST)

ਉੱਤਰ-ਪੱਛਮੀ ਪਾਕਿਸਤਾਨ ’ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 307 ਹੋਈ

ਪਿਸ਼ਾਵਰ (ਭਾਸ਼ਾ)–ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਹੁਣੇ ਜਿਹੇ ਆਏ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 307 ਹੋ ਗਈ ਹੈ, ਜਿਨ੍ਹਾਂ ਵਿਚ 13 ਬੱਚੇ ਵੀ ਸ਼ਾਮਲ ਹਨ। ਸੂਬਾਈ ਆਫਤ ਪ੍ਰਬੰਧਨ ਅਥਾਰਟੀ (ਪੀ. ਡੀ. ਐੱਮ. ਏ.) ਅਨੁਸਾਰ ਮੋਹਲੇਧਾਰ ਮੀਂਹ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਹੜ੍ਹ ਆ ਗਿਆ ਅਤੇ ਇੱਥੇ 21 ਅਗਸਤ ਤਕ ਰੁਕ-ਰੁਕ ਕੇ ਮੀਂਹ ਪੈਣ ਦੇ ਆਸਾਰ ਹਨ। ਪੀ. ਡੀ. ਐੱਮ. ਏ. ਦੇ ਬੁਲਾਰੇ ਫੈਜ਼ੀ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ’ਚ ਭਾਰੀ ਮੀਂਹ, ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ 307 ਲੋਕ ਮਾਰੇ ਗਏ ਹਨ। ਇਸ ਨੇ ਆਪਣੀ ਮੁੱਢਲੀ ਰਿਪੋਰਟ ਵਿਚ ਕਿਹਾ ਕਿ ਮ੍ਰਿਤਕਾਂ ਵਿਚ 279 ਮਰਦ, 15 ਔਰਤਾਂ ਤੇ 13 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ 23 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿਚ 17 ਮਰਦ, 4 ਔਰਤਾਂ ਤੇ 2 ਬੱਚੇ ਸ਼ਾਮਲ ਹਨ।

ਸੂਬੇ ਦੇ ਬਾਜੌਰ, ਬੁਨੇਰ, ਸਵਾਤ, ਮਨਾਹਰਾ, ਸ਼ਾਂਗਲਾ, ਤੋਰਘਰ ਤੇ ਬਟਾਗ੍ਰਾਮ ਜ਼ਿਲੇ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 184 ਲੋਕਾਂ ਦੀ ਮੌਤ ਬੁਨੇਰ ਵਿਚ ਹੋਈ ਹੈ। ਸ਼ਾਂਗਲਾ ’ਚ 36 ਲੋਕਾਂ ਦੀ ਮੌਤ ਹੋਈ, ਜਦੋਂਕਿ ਮਨਸੇਹਰਾ ’ਚ 23, ਸਵਾਤ ’ਚ 22, ਬਾਜੌਰ ’ਚ 21, ਬਟਾਗ੍ਰਾਮ ’ਚ 15, ਲੋਅਰ ਦੀਰ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਐਬਟਾਬਾਦ ’ਚ ਇਕ ਬੱਚਾ ਡੁੱਬ ਗਿਆ।

ਪੀ. ਡੀ. ਐੱਮ. ਏ. ਨੇ ਦੱਸਿਆ ਕਿ ਹੁਣ ਤਕ ਕੁਲ 74 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਵਿਚੋਂ 63 ਅੰਸ਼ਕ ਤੌਰ ’ਤੇ ਅਤੇ 11 ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਰਾਹਤ ਟੀਮ ਤੇ ਜ਼ਿਲਾ ਪ੍ਰਸ਼ਾਸਨ ਨੇ ਤਾਲਮੇਲ ਬਣਾਇਆ ਹੋਇਆ ਹੈ, ਜੋ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਮ੍ਰਿਤਕਾਂ ਜਾਂ ਜ਼ਖਮੀਆਂ ਦੀ ਗਿਣਤੀ ਵਧਣ ਦਾ ਡਰ ਹੈ ਕਿਉਂਕਿ ਪ੍ਰਭਾਵਿਤ ਖੇਤਰਾਂ ਵਿਚ ਹੁਣ ਵੀ ਵੱਡੀ ਗਿਣਤੀ ’ਚ ਲੋਕ ਲਾਪਤਾ ਹਨ। ਮਾਨਸੂਨ ਦੇ ਮੌਸਮ ਦੀ ਜੂਨ ਦੇ ਅਖੀਰ ’ਚ ਸ਼ੁਰੂਆਤ ਹੋਣ ਤੋਂ ਬਾਅਦ ਪਏ ਮੋਹਲੇਧਾਰ ਮੀਂਹ ਨੇ ਪੂਰੇ ਦੇਸ਼ ਵਿਚ ਕਹਿਰ ਵਰ੍ਹਾਇਆ ਹੈ। ਖਾਸ ਤੌਰ ’ਤੇ ਖੈਬਰ ਪਖਤੂਨਖਵਾ ਤੇ ਉੱਤਰੀ ਖੇਤਰਾਂ ਵਿਚ ਹੜ੍ਹ, ਢਿੱਗਾਂ ਡਿੱਗਣ ਅਤੇ ਉਜਾੜੇ ਨੇ ਪ੍ਰੇਸ਼ਾਨੀ ਵਧਾ ਦਿੱਤੀ ਹੈ।


author

Hardeep Kumar

Content Editor

Related News