ਕਾਂਗੋ ''ਚ ਇਬੋਲਾ ਦਾ ਕਹਿਰ, 200 ਦੀ ਮੌਤ
Sunday, Nov 11, 2018 - 11:47 AM (IST)

ਕਿੰਸ਼ਾਸਾ(ਏਜੰਸੀ)— ਡੈਮੋਕ੍ਰੇਟਿਕ ਰੀਪਬਿਲਕ ਆਫ ਕਾਂਗੋ ਦੇ ਪੂਰਬੀ ਹਿੱਸੇ 'ਚ ਇਬੋਲਾ ਨਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਤੋਂ ਵੀ ਵਧੇਰੇ ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਉਸ ਨੇ ਇਬੋਲਾ ਨਾਲ ਹੋਈਆਂ 201 ਮੌਤਾਂ ਦਰਜ ਕੀਤੀਆਂ ਹਨ ਜਦ ਕਿ ਅਗਸਤ ਤੋਂ ਲੈ ਕੇ ਹੁਣ ਤਕ 291 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚੋਂ ਤਕਰੀਬਨ ਅੱਧੇ ਮਾਮਲੇ ਉੱਤਰੀ ਕੀਵੂ ਖੇਤਰ ਦੇ ਸ਼ਹਿਰ ਬੇਨੀ 'ਚ ਸਾਹਮਣੇ ਆਏ ਹਨ।
ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਖੇਤਰ 'ਚ ਕਿਰਿਆਸ਼ੀਲ ਫੌਜੀ ਸਮੂਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਬੀਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ 'ਚ ਰੁਕਾਵਟਾਂ ਪੈਦਾ ਨਾ ਕਰਨ। ਸਿਹਤ ਮੰਤਰੀ ਅੋਲੀ ਇਲੁੰਗਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਟੀਮ ਨੂੰ ਧਮਕੀਆਂ, ਹਮਲੇ, ਅਗਵਾ ਕਰਨ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਸਾਮਾਨ ਨੂੰ ਵੀ ਤੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਮੈਡੀਕਲ ਇਕਾਈ 'ਚ ਸਾਡੇ ਦੋ ਸਹਿ-ਕਰਮਚਾਰੀਆਂ ਨੂੰ ਹਮਲੇ 'ਚ ਆਪਣੀ ਜਾਨ ਗੁਆਣੀ ਪਈ। ਕਾਂਗੋ 'ਚ 1976 'ਚ ਇਬੋਲਾ ਦੀ ਲਪੇਟ 'ਚ ਆਉਣ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਇਸ ਦੇਸ਼ 'ਚ 10 ਵੀਂ ਵਾਰ ਇਸ ਵਾਇਰਸ ਨੇ ਲੋਕਾਂ ਨੂੰ ਵੱਡੇ ਪੈਮਾਨੇ 'ਤੇ ਪ੍ਰਭਾਵਿਤ ਕੀਤਾ ਹੈ।
ਕੀ ਹੈ ਇਬੋਲਾ?
ਇਬੋਲਾ ਇਕ ਛੂਤ ਦੀ ਬੀਮਾਰੀ ਹੈ ਜੋ ਬਹੁਤ ਘਾਤਕ ਹੁੰਦੀ ਹੈ ਅਤੇ ਇਹ ਵਾਇਰਸ ਰਾਹੀਂ ਫੈਲਦੀ ਹੈ। ਤੇਜ਼ ਬੁਖਾਰ ਅਤੇ ਅੰਦਰੂਨੀ ਖੂਨ ਰਿਸਣਾ ਇਸ ਬੀਮਾਰੀ ਦੇ ਮੁੱਖ ਲੱਛਣ ਹਨ। ਇਹ ਵਾਇਰਸ ਇਬੋਲਾ ਨਾਲ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਕਾਰਨ ਫੈਲਦਾ ਹੈ। ਪੀੜਤ ਵਿਅਕਤੀ ਦੇ ਕੱਪੜੇ, ਥੁੱਕ ਆਦਿ ਨਾਲ ਇਹ ਬੀਮਾਰੀ ਤੇਜ਼ੀ ਨਾਲ ਫੈਲਦੀ ਹੈ।