ਸਮੁੰਦਰੀ ਰਸਤੇ ਇੰਗਲੈਂਡ ਜਾਂਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

Wednesday, Oct 30, 2024 - 05:49 AM (IST)

ਸਮੁੰਦਰੀ ਰਸਤੇ ਇੰਗਲੈਂਡ ਜਾਂਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਪੈਰਿਸ (ਭੱਟੀ) - ਸਮੁੰਦਰੀ ਰਸਤੇ ਇੰਗਲੈਂਡ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ। ਫਰਾਂਸ ਦੇ ਸ਼ਹਿਰ ਕੈਲੇ ਅਤੇ ਇੰਗਲੈਂਡ ਦੇ ਦਰਮਿਆਨ ਪੈਂਦੇ ਸਮੁੰਦਰੀ ਰਸਤੇ ਤੋਂ ਇੰਗਲੈਂਡ ਜਾਂਦੇ ਸਮੇਂ ਸਮੁੰਦਰੀ ਕਿਸ਼ਤੀ ’ਚ ਛੇਕ ਹੋ ਜਾਣ ਕਾਰਨ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਕਿਸ਼ਤੀ ਹੌਲੀ-ਹੌਲੀ ਡੁੱਬਣ ਲੱਗ ਪਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।

ਕਿਸ਼ਤੀ ’ਚ 43 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ 41 ਵਿਅਕਤੀਆਂ ਨੂੰ ਸਮੁੰਦਰ ਦੀ ਨਿਗਰਾਨੀ ਟੀਮ (ਰੈਕਸਿਊ) ਨੇ ਬਚਾਅ ਲਿਆ, ਜਦ ਕਿ ਦੋ ਦੀ ਮੌਤ ਹੋ ਗਈ ਹੈ | ਇਨ੍ਹਾਂ ’ਚ ਇਕ ਵਿਅਕਤੀ ਰੋਮਾਨੀਅਾ ਦਾ ਅਤੇ ਦੂਸਰਾ 40 ਸਾਲਾ ਬਲਦੇਵ ਸਿੰਘ ਬਟਾਲਾ ਸ਼ਹਿਰ ਦੀ ਬਾਜਪੁਰ ਕਾਲੌਨੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਪੁਲਸ ਵੱਲੋਂ ਬਲਦੇਵ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਫਰਾਂਸ ਪੁਲਸ ਨੇ ਬਲਦੇਵ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਨਾਲ ਮ੍ਰਿਤਕ ਬਲਦੇਵ ਸਿੰਘ ਦੇ ਘਰ ’ਚ ਮਾਤਮ ਛਾ ਗਿਆ ਹੈ। ਹੁਣ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਜਿੰਮਾਂ ਸਬੰਧਤ ਪਰਿਵਾਰ ਵੱਲੋਂ ਫਰਾਂਸ ਦੀ ਸੰਸਥਾ ਔਰਰ-ਡਾਨ ਨੂੰ ਸੌਂਪ ਦਿੱਤਾ ਗਿਆ ਹੈ, ਜੋ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕਰ ਕੇ ਇਹ ਜਿੰਮਵਾਰੀ ਨਿਭਾਏਗੀ।


author

Inder Prajapati

Content Editor

Related News