ਦਾਵੋਸ ''ਚ ਥੈਰੇਸਾ ਮੇਅ, ਨੇਤਨਯਾਹੂ ਤੇ ਹੋਰ ਨੇਤਾਵਾਂ ਨੂੰ ਮਿਲਣਗੇ ਟਰੰਪ

01/24/2018 10:10:13 AM

ਵਾਸ਼ਿੰਗਟਨ(ਭਾਸ਼ਾ)— ਦਾਵੋਸ ਵਿਚ 'ਵਿਸ਼ਵ ਆਰਥਿਕ ਮੰਚ' ਤੋਂ ਵੱਖਰੇ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਟੇਨ, ਇਜ਼ਰਾਇਲ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਤਰੀ ਕੋਰੀਆ, ਆਈ. ਐਸ. ਆਈ. ਐਸ, ਪੱਛਮੀ ਏਸ਼ੀਆ ਅਤੇ ਈਰਾਨ ਸਮੇਤ ਸੁਰੱਖਿਆ ਦੇ ਹੋਰ ਮੁੱਦਿਆਂ 'ਤੇ ਚਰਚਾ ਕਰਨਗੇ। ਵ੍ਹਾਈਟ ਹਾਊਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ. ਅਰ ਮੈਕਮਾਸਟਰ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਟਰੰਪ ਕੋਰਿਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਦੀ ਦਿਸ਼ਾ ਵਿਚ ਕੌਮਾਂਤਰੀ ਕੋਸ਼ਿਸ਼ਾਂ ਅਤੇ ਆਈ. ਐਸ. ਆਈ. ਐਸ ਨੂੰ ਹਰਾਉਣ ਲਈ ਅਮਰੀਕੀ ਗਠਜੋੜ ਸਮੇਤ ਰਾਸ਼ਟਰੀ ਸੁਰੱਖਿਆ ਦੇ ਮੁੱਦਿਆ 'ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ, 'ਰਾਸ਼ਟਰਪਤੀ ਈਰਾਨ ਵੱਲੋਂ ਪੂਰੇ ਪੱਛਮੀ ਏਸ਼ੀਆ ਵਿਚ ਹਿੰਸਾ ਫੈਲਾਉਣ ਦੇ ਉਸ ਦੇ ਵਿਨਾਸ਼ਕਾਰੀ ਏਜੰਡੇ ਵਿਰੁੱਧ ਸਾਡੀਆਂ ਕੋਸ਼ਿਸ਼ਾਂ, ਈਰਾਨ ਦੀ ਬੈਲਿਸਟਿਕ ਮਿਜ਼ਾਇਲ ਸਬੰਧੀ ਗਤੀਵਿਧੀਆਂ ਅਤੇ ਈਰਾਨ ਪ੍ਰਮਾਣੂ ਸਮਝੌਤੇ ਦੀ ਮੁੱਢਲੀ ਕਮੀਆ 'ਤੇ ਵੀ ਗੱਲ ਕਰਨਗੇ।'
ਜ਼ਿਕਰਯੋਗ ਹੈ ਕਿ ਟਰੰਪ ਅੱਜ ਦਾਵੋਸ ਰਵਾਨਾ ਹੋਣ ਵਾਲੇ ਹਨ। ਉਹ ਸ਼ੁੱਕਰਵਾਰ ਨੂੰ 'ਵਿਸ਼ਵ ਆਰਥਿਕ ਮੰਚ' ਨੂੰ ਸੰਬੋਧਨ ਕਰਨਗੇ। ਵੀਰਵਾਰ ਨੂੰ ਟਰੰਪ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਮਿਲਣਗੇ। ਦੋਵਾਂ ਨੇਤਾਵਾਂ ਵਿਚਕਾਰ ਸੀਰੀਆਈ ਸੰਘਰਸ਼, ਈਰਾਨ ਦੇ ਅਸਥਿਰ ਵਿਵਹਾਰ, ਈਰਾਨ ਪ੍ਰਮਾਣੂ ਸਮਝੌਤੇ ਵਿਚ ਹੋਈਆਂ ਭੁੱਲਾਂ ਦੇ ਸੁਧਾਰ ਅਤੇ ਕੋਰਿਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਉਨ੍ਹਾਂ ਦੇ ਸਾਂਝੇ ਟੀਚਿਆਂ 'ਤੇ ਚਰਚਾ ਕਰਨਗੇ। ਟਰੰਪ ਇਸ ਦੌਰਾਨ ਯੇਰੂਸ਼ਲਮ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਦੁਹਰਾਉਣ ਅਤੇ ਪੱਛਮੀ ਏਸ਼ੀਆ ਵਿਚ ਈਰਾਨ ਦੀ ਦਖਲਅੰਦਾਜ਼ੀ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਦੇ ਸਬੰਧ ਵਿਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਵੀ ਮੁਲਾਕਾਤ ਕਰਨਗੇ।


Related News