ਪਿਛਲੇ ਸਾਲ 81 ਹਜ਼ਾਰ ਤੋਂ ਵੱਧ ਔਰਤਾਂ ਦਾ ਹੋਇਆ ਕਤਲ, 45 ਹਜ਼ਾਰ ਦਾ ਕਾਤਲ ਪਤੀ ਜਾਂ ਕੋਈ ਹੋਰ ਕਰੀਬੀ
Saturday, Nov 26, 2022 - 11:12 PM (IST)
ਰੋਮ (ਦਲਵੀਰ ਕੈਂਥ) : ਇਸ ਖ਼ਬਰ ਨੂੰ ਪੜ੍ਹਕੇ ਹੈਰਾਨੀ ਦੇ ਨਾਲ ਪ੍ਰੇਸ਼ਾਨੀ ਵੀ ਹੋ ਰਹੀ ਹੈ ਕਿ ਜਿਸ ਔਰਤ ਦੇ ਬਿਨਾਂ ਸੰਸਾਰ ਅਧੂਰਾ ਤੇ ਬੇਜਾਨ ਹੈ, ਉਸ ਨੂੰ ਡਿਜੀਟਲ ਅਖਵਾਉਣ ਵਾਲੇ ਜ਼ਮਾਨੇ 'ਚ ਅਣਚਾਹੀ ਦਰਦਨਾਕ ਮੌਤ ਦੇਣ ਵਾਲੇ ਬਹੁਤੇ ਕਾਤਲ ਪੀੜਤਾਂ ਦੇ ਆਪਣੇ ਪਰਿਵਾਰ ਵਾਲੇ ਹੀ ਹਨ। ਇਸ ਕੌੜੇ ਸੱਚ ਦਾ ਖੁਲਾਸਾ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿਚ 25 ਨਵੰਬਰ ਨੂੰ ਮਨਾਏ ਅੰਤਰਰਾਸ਼ਟਰੀ ਦਿਵਸ ਮੌਕੇ ਸੰਯੁਕਤ ਰਾਸ਼ਟਰ ਨੇ ਆਪਣੀ ਵਿਸ਼ੇਸ਼ ਰਿਪੋਰਟ ਵਿਚ ਕਰਦਿਆਂ ਕਿਹਾ ਗਿਆ ਹੈ ਕਿ ਔਰਤ ਨੂੰ ਦੁਨੀਆਂ ਭਰ ਵਿਚ ਮੌਤ ਦੇ ਘਾਟ ਉਤਾਰਨ ਵਾਲੇ ਕੇਸਾਂ ਦੇ ਵਿਸ਼ਵਵਿਆਪੀ ਅੰਕੜੇ ਦਰਸਾਉਂਦੇ ਹਨ ਕਿ ਅੱਧ ਤੋਂ ਵੱਧ ਔਰਤਾਂ ਨੂੰ ਦਰਦਨਾਕ ਮੌਤ ਉਸ ਦੇ ਪਤੀ, ਸਾਥੀ, ਜਾਂ ਹੋਰ ਸਾਕ ਸੰਬਧੀ ਦੁਆਰਾ ਦਿੱਤੀ ਜਾ ਰਹੀ ਹੈ। ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਪਿਛਲੇ ਸਾਲ ਸੰਨ 2021 ਵਿਚ 81,100 ਔਰਤਾਂ ਦੀ ਹੱਤਿਆਂ ਹੋਈ ਜਿਨ੍ਹਾਂ 'ਚੋਂ 45000 ਔਰਤਾਂ ਨੂੰ (56%) ਨੂੰ ਉਨ੍ਹਾਂ ਦੇ ਆਪਣੇ ਪਿਆਰਿਆਂ ਹੀ ਮੌਤ ਦੀ ਸਜ਼ਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਹ ਅੰਕੜੇ ਚਿੰਤਾਜਨਕ ਹਨ। ਕਈ ਕੇਸਾਂ ਵਿਚ ਔਰਤਾਂ ਨੂੰ ਲਿੰਗ ਕਾਰਨ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਸੰਨ 2021 ਵਿਚ ਕਈ ਅਜਿਹੇ ਕੇਸ ਵੀ ਦੇਖੇ ਗਏ ਜਿੱਥੇ 10 ਮੌਤਾਂ ਵਿਚ 4 ਔਰਤਾਂ ਦੀ ਮੌਤ ਨੂੰ ਨਾਰੀ-ਨਾਸ਼ਕ ਅਨਸਰਾਂ ਵੱਲੋਂ ਗਿਣਿਆ ਹੀ ਨਹੀਂ ਗਿਆ। ਪਿਛਲੇ ਸਾਲ ਆਪਣਿਆਂ ਵੱਲੋਂ ਮਿਲੀ ਮੌਤ ਵਿਚ ਏਸ਼ੀਆ ਦੀਆਂ ਔਰਤਾਂ ਦੀ ਗਿਣਤੀ 17,800 ਸਭ ਤੋਂ ਵੱਧ ਹੈ ਜਦੋਂ ਕਿ ਰਿਪੋਰਟ ਅਨੁਸਾਰ ਅਫ਼ਰੀਕਾ ਵਿਚ ਔਰਤਾਂ ਜਾਂ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਦੁਆਰਾ ਮਾਰੇ ਜਾਣ ਦਾ ਖਤਰਾ ਜ਼ਿਆਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ1.4, ਓਨੇਸ਼ੀਆ ਵਿਚ 1.2, ਏਸ਼ੀਆ ਵਿਚ 0.8 ਅਤੇ ਯੂਰਪ ਵਿਚ 0.6 ਦੇ ਮੁਕਾਬਲੇ ਅਫ਼ਰੀਕਾ ਵਿਚ ਲਿੰਗ ਅਧਾਰਿਤ ਹੱਤਿਆਵਾਂ ਦੀ ਦਰ 2.5 ਪ੍ਰਤੀ 100,000 ਔਰਤ ਆਬਾਦੀ ਵਿਚ ਅਨੁਮਾਨਿਤ ਹੈ। ਸਰਵੇ ਮੁਤਾਬਕ ਸੰਨ 2020 ਵਿਚ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਉੱਤਰੀ ਅਮਰੀਕਾ ਅਤੇ ਪੱਛਮੀ, ਦੱਖਣੀ ਯੂਰਪ ਵਿਚ ਔਰਤਾਂ ਦੀਆਂ ਹੱਤਿਆਵਾਂ ਵਿਚ ਮਹੱਤਵਪੂਰਨ ਵਾਧੇ ਨਾਲ ਮੇਲ ਖਾਂਦੀ ਹੈ। ਅਮਰੀਕਾ ਸਮੇਤ 25 ਯੂਰਪੀਅਨ ਦੇਸ਼ਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਧਾ ਵੱਡੇ ਪੱਧਰ ਤੇ ਪਤੀਆਂ ਅਤੇ ਸਾਥੀਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਕਰਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ
ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਵਕੀਲ ਬਾਰਬਰਾ ਜੇਮੈਨਜ ਸਨਟੀਆਜੀਓ ਦਾ ਇਸ ਹੈਰਾਨਕੁੰਨ ਤੱਥਾਂ ਪ੍ਰਤੀ ਕਹਿਣਾ ਹੈ ਕਿ ਘਰੇਲੂ ਹਿੰਸਾ ਨੂੰ ਹਾਲੇ ਵੀ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਇਕ ਨਿੱਜੀ ਪਰਿਵਾਰਕ ਮਾਮਲੇ ਵਜੋਂ ਹੀ ਦੇਖਿਆ ਜਾਂਦਾ ਹੈ। ਬਹੁਤੇ ਵਕੀਲ ਅਤੇ ਪੁਲਸ ਵਾਲੇ ਅਕਸਰ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਦੋਂਕਿ ਅੰਕੜਿਆਂ ਵਿਚ ਹਿੰਸਾ ਦੇ ਦੂਜੇ ਰੂਪਾਂ ਦੇ ਨਤੀਜੇ ਵਜੋਂ ਹੋਈਆਂ ਹੱਤਿਆਵਾਂ ਦਰਜ਼ ਹੋਣੀਆਂ ਚਾਹੀਦੀਆਂ ਹਨ ਜਿਵੇਂ ਇਕ ਔਰਤ ਜੋ ਜਬਰ ਜ਼ਿਨਾਹ ਦੀ ਸ਼ਿਕਾਰ ਹੋਣ ਕਾਰਨ ਆਤਮ ਹੱਤਿਆ ਕਰ ਲੈਂਦੀ ਹੈ ਜਾਂ ਜਬਰ-ਜ਼ਿਨਾਹ ਦੀ ਸ਼ਿਕਾਰ ਔਰਤ ਗਰਭਵਤੀ ਹੋ ਜਾਂਦੀ ਹੈ ਤੇ ਜਣੇਪੇ ਦੌਰਾਨ ਮਰ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਦੌੜੀ ਅੱਗ ਦੀਆਂ ਲਪਟਾਂ 'ਚ ਘਿਰੀ ਟਰਾਲੀ, ਪਈਆਂ ਭਾਜੜਾਂ
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਹਾਲੇ ਵੀ ਅਜਿਹੇ ਕਾਨੂੰਨ ਹਨ ਜੋ ਔਰਤਾਂ ਜਾਂ ਕੁੜੀਆਂ ਨਾਲ ਵਿਤਕਰਾ ਕਰਦੇ ਹਨ ਜਿਸ ਵਿਚ ਉਹ ਵੀ ਸ਼ਾਮਲ ਹਨ ਜੋ ਵਿਆਹ ਦੇ ਅੰਦਰ ਜਬਰ-ਜ਼ਿਨਾਹ ਦੀ ਇਜਾਜ਼ਤ ਦਿੰਦੇ ਹਨ ਜਾਂ ਦੋਸ਼ੀਆਂ ਨੂੰ ਪੀੜਤਾਂ ਨਾਲ ਵਿਆਹ ਕਰਕੇ ਸਜ਼ਾ ਤੋਂ ਬਚਣ ਦੀ ਇਜਾਜ਼ਤ ਦਿੰਦੇ ਹਨ। ਸਹੀ ਅਰਥਾਂ ਵਿਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿਚ ਬਹੁਤ ਕੁਝ ਬਦਲਣ ਦੀ ਲੋੜ ਹੈ ਜਿਸ ਲਈ ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਹਿਮ ਜਰੂਰਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।