ਚੈਂਪੀਅਨਜ਼ ਟਰਾਫੀ ’ਚੋਂ ਪਾਕਿਸਤਾਨ ਦੇ ਬਾਹਰ ਹੋਣ ਨਾਲ ਮਚੀ ਹਾਹਾਕਾਰ, ਸੰਸਦ ’ਚ ਉਠਾਇਆ ਜਾਵੇਗਾ ਮੁੱਦਾ
Friday, Feb 28, 2025 - 12:25 AM (IST)

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਬਿਨਾਂ ਕੋਈ ਮੈਚ ਜਿੱਤੇ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈ ਹੈ। ਮੇਜ਼ਬਾਨ ਪਾਕਿਸਤਾਨ ਨੇ ਵੀਰਵਾਰ ਨੂੰ ਬੰਗਲਦੇਸ਼ ਖਿਲਾਫ ਮੁਕਾਬਲਾ ਖੇਡਣਾ ਸੀ ਪਰ ਮੀਂਹ ਕਾਰਨ ਇਹ ਮੁਕਾਬਲਾ ਰੱਦ ਹੋ ਗਿਆ।
ਰਾਸ਼ਟਰੀ ਟੀਮ ਦੇ ਬਾਹਰ ਹੋਣ ਨਾਲ ਪਾਕਿਸਤਾਨ ’ਚ ਹਾਹਾਕਾਰ ਮਚੀ ਹੋਈ ਹੈ। ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਦੇ ਰਾਜਨੀਤਕ ਅਤੇ ਜਨਤਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲਾਹ ਨੇ ਕਿਹਾ ਕਿ ਸਰਕਾਰ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ 2025 ’ਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਅਤੇ ਟੂਰਨਾਮੈਂਟ ’ਚੋਂ ਉਸ ਦੇ ਜਲਦ ਬਾਹਰ ਹੋਣ ’ਤੇ ਧਿਆਨ ਦੇਵੇਗੀ।
ਇਕ ਨਿੱਜੀ ਟੀ. ਵੀ. ਚੈਨਲ ਨਾਲ ਗੱਲਬਾਤ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਸੀਨੀਅਰ ਨੇਤਾ ਰਾਣਾ ਸਨਾਉੱਲਾਹ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨਿੱਜੀ ਤੌਰ ’ਤੇ ਰਾਸ਼ਟਰੀ ਟੀਮ ਦੇ ਪ੍ਰਦਰਸ਼ਨ ਨੂੰ ਸੰਬੋਧਿਤ ਕਰਨਗੇ। ਕ੍ਰਿਕਟ ਨਾਲ ਜੁਡ਼ੇ ਮੁੱਦਿਆਂ ਨੂੰ ਲੈ ਕੇ ਉਹ ਕੈਬਨਿਟ ਅਤੇ ਸੰਸਦ ’ਚ ਮਾਮਲਾ ਉਠਾਉਣਗੇ।
ਪਾਕਿਸਤਾਨ ਲਈ ਇਹ ਜ਼ਿਆਦਾ ਨਿਰਾਸ਼ਾਜਨਕ ਰਿਹਾ ਕਿਉਂਕਿ ਉਹ 29 ਸਾਲ ਦੇ ਲੰਮੇ ਫਰਕ ’ਤੇ ਕਿਸੇ ਆਈ. ਸੀ. ਸੀ. ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਸੀ ਅਤੇ ਉਹ ਟੂਰਨਾਮੈਂਟ ਦੇ ਪਹਿਲੇ 8 ਦਿਨਾਂ ’ਚ ਹੀ ਬਾਹਰ ਹੋ ਗਿਆ।
ਰਾਣਾ ਸਨਾਉੱਲਾਹ ਨੇ ਕਿਹਾ ਕਿ ਇਸ ਟੂਰਨਾਮੈਂਟ ਲਈ ਅਸੀਂ 12 ਤੋਂ 14 ਅਰਬ ਰੁਪਏ ਖਰਚ ਕੀਤੇ ਪਰ ਟੀਮ ਹਾਰ ਗਈ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੋਇਆ। ਦੁਨੀਆ ਕ੍ਰਿਕਟ ਖੇਡੇਗੀ ਅਤੇ ਅਸੀਂ ਤਮਾਸ਼ਾਈ ਬਣ ਗਏ ਹਾਂ। ਜਿੰਨੀ ਤਵੱਜੋਂ ਸਟੇਡੀਅਮ ਨੂੰ ਦਿੱਤੀ ਗਈ। ਓਨੀ ਹੀ ਟੀਮ ਨੂੰ ਦੇਣੀ ਚਾਹੀਦੀ ਸੀ। ਇਸ ਨਾਲ ਪੂਰਾ ਪਾਕਿਸਤਾਨ ਮਾਯੂਸ ਹੈ।
ਪਿਛਲੇ 3 ਆਈ. ਸੀ. ਸੀ. ਟੂਰਨਾਮੈਂਟਾਂ ’ਚ ਪਾਕਿਸਤਾਨ ਦਾ ਪ੍ਰਦਰਸ਼ਨ
ਟੀ-20 ਵਰਲਡ ਕੱਪ 2024 : 4 ’ਚੋਂ 2 ਮੈਚ ਜਿੱਤ ਸਕੀ ਟੀਮ
ਪਾਕਿਸਤਾਨ ਦੀ ਟੀਮ ਵੈਸਟ ਇੰਡੀਜ਼ ਅਤੇ ਅਮਰੀਕਾ ’ਚ ਆਯੋਜਿਤ ਟੀ-20 ਟੂਰਨਾਮੈਂਟ ਦੇ ਲੀਗ ਰਾਊਂਡ ’ਚੋਂ ਬਾਹਰ ਹੋ ਗਈ ਸੀ। ਟੀਮ 4 ’ਚੋਂ 2 ਮੈਚ ਹੀ ਜਿੱਤ ਸਕੀ। ਟੀਮ ਸੁਪਰ-8 ਰਾਊਂਡ ’ਚ ਵੀ ਜਗ੍ਹਾ ਨਹੀਂ ਬਣਾ ਸਕੀ ਸੀ। ਉਦੋਂ ਬਾਬਰ ਆਜ਼ਮ ਨੇ ਕਪਤਾਨੀ ਛੱਡ ਦਿੱਤੀ ਸੀ।
ਵਨ-ਡੇ ਵਰਲਡ ਕੱਪ 2023 : ਭਾਰਤ ਦੀ ਮੇਜ਼ਬਾਨੀ ’ਚ ਆਯੋਜਿਤ 2023 ਵਨ-ਡੇ ਵਰਲਡ ਕੱਪ ਦੇ ਪਹਿਲੇ ਰਾਊਂਡ ’ਚੋਂ ਪਾਕਿਸਤਾਨ ਟੀਮ ਬਾਹਰ ਹੋ ਗਈ। ਟੀਮ ਨੇ 9 ’ਚੋਂ 4 ਲੀਗ ਮੈਚ ਜਿੱਤੇ । 5 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਵੀ ਬਾਬਰ ਆਜ਼ਮ ਨੂੰ ਕਪਤਾਨੀ ਤੋਂ ਹਟਾਇਆ ਗਿਆ। ਉਦੋਂ ਕੋਚ ਐਂਡ ਸਿਲੈਕਟਰਜ਼ ਨੇ ਵੀ ਅਸਤੀਫਾ ਦਿੱਤਾ ਸੀ।
ਟੀ-20 ਵਰਲਡ ਕੱਪ 2022 : ਪਾਕਿਸਤਾਨੀ ਟੀਮ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਸੀ ਪਰ ਉੱਥੇ ਉਸ ਨੂੰ ਇੰਗਲੈਂਡ ਤੋਂ ਹਾਰ ਝੱਲਣੀ ਪਈ। ਉਸ ਤੋਂ ਬਾਅਦ ਵੀ ਪੀ. ਸੀ. ਬੀ. ਚੀਫ ਨੂੰ ਅਸਤੀਫਾ ਦੇਣਾ ਪਿਆ ਸੀ।
ਚੈਂਪੀਅਨਜ਼ ਟਰਾਫੀ 2025 ’ਚ ਪਾਕਿਸਤਾਨ
ਬਨਾਮ ਨਿਊਜ਼ੀਲੈਂਡ (ਪਾਕਿਸਤਾਨ 60 ਦੌੜਾਂ ਨਾਲ ਹਾਰਿਆ)
ਬਨਾਮ ਭਾਰਤ (ਪਾਕਿਸਤਾਨ 6 ਵਿਕਟਾਂ ਨਾਲ ਹਾਰਿਆ)
ਬਨਾਮ ਬੰਗਲਾਦੇਸ਼ (ਮੀਂਹ ਕਾਰਨ ਮੈਚ ਰੱਦ)
‘‘ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਅਤੇ ਆਪਣੇ ਦੇਸ਼ ਦੀ ਬਿਹਤਰ ਖੇਡ ਦਿਖਾਉਣਾ ਚਾਹੁੰਦੇ ਸੀ। ਸਾਥੋਂ ਉਮੀਦਾਂ ਬਹੁਤ ਜ਼ਿਆਦਾ ਸੀ ਪਰ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਇਹ ਸਾਡੇ ਲਈ ਨਿਰਾਸ਼ਾਜਨਕ ਹੈ। ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਸਕਦੇ ਹੋ।’’-ਮੁਹੰਮਦ ਰਿਜ਼ਵਾਨ, ਪਾਕਿਸਤਾਨ ਦੇ ਕਪਤਾਨ।
ਕਪਤਾਨ-ਕੋਚ ’ਚ ਵਿਵਾਦ ਦੀ ਵੀ ਚਰਚਾ
ਪਾਕਿਸਤਾਨ ਦੇ ਕਪਤਾਨ ਮੋਹੰਮਦ ਰਿਜ਼ਵਾਨ ਅਤੇ ਅੰਤ੍ਰਿੰਮ ਮੁੱਖ ਕੋਚ ਆਕਿਬ ਜਾਵੇਦ ਵਿਚਕਾਰ ਮੱਤਭੇਦ ਵਿਸ਼ੇਸ਼ ਖਿਡਾਰੀ ਚੋਣ ਤੱਕ ਵੱਧ ਗਿਆ, ਜਿਸ ਨਾਲ ਟੀਮ ਦਾ ਅੰਦਰੂਨੀ ਤਣਾਅ ਹੋਰ ਵੱਧ ਗਿਆ। ਰਿਪੋਰਟਾਂ ਅਨੁਸਾਰ, ਵਿਵਾਦ ਦਾ ਮੁੱਖ ਮੁੱਦਾ ਖੁਸ਼ਦਿਲ ਸ਼ਾਹ ਨੂੰ ਸ਼ਾਮਲ ਕਰਨ ’ਤੇ ਉੱਠਿਆ, ਜੋ ਕਥਿਤ ਤੌਰ ’ਤੇ ਰਿਜ਼ਵਾਨ ਦੇ ਪੱਖ ’ਚ ਸੀ, ਉਥੇ ਹੀ, ਆਕਿਬ ਜਾਵੇਦ ਨੇ ਫਹੀਮ ਅਸ਼ਰਫ ਦੀ ਚੋਣ ਦੀ ਪੁਰਜ਼ੋਰ ਵਕਾਲਤ ਕੀਤੀ। ਮੰਨਿਆ ਜਾਂਦਾ ਹੈ ਕਿ ਟੀਮ ਚੋਣ ਰਣਨੀਤੀਆਂ ’ਚ ਵਿਆਪਕ ਮੱਤਭੇਦਾਂ ਦੇ ਨਾਲ ਇਸ ਅਸਹਿਮਤੀ ਨੇ ਟੀਮ ਦੇ ਤਾਲਮੇਲ ’ਚ ਰੁਕਾਵਟ ਪਾਉਣ ਅਤੇ ਪ੍ਰਦਰਸ਼ਨ ’ਤੇ ਉਲਟ ਪ੍ਰਭਾਵ ਪਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁਹੰਮਦ ਰਿਜ਼ਵਾਨ ਮੁੱਖ ਫੈਸਲਿਆਂ ’ਤੇ ਸਲਾਹ-ਮਸ਼ਵਰੇ ਦੀ ਕਮੀ ਕਾਰਨ ਨਿਰਾਸ਼ ਦਿਸੇ। ਚੋਣ ਕਮੇਟੀ ਅਤੇ ਮੋਹੰਮਦ ਰਿਜ਼ਵਾਨ ਸਪੱਸ਼ਟ ਰੂਪ ਨਾਲ ਇਕ ਹੀ ਮਤੇ ’ਤੇ ਨਹੀਂ ਸਨ।